ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਲਗਾਤਾਰ ਵਿਗੜ ਰਹੇ ਕੋਰੋਨਾ ਮਹਾਮਾਰੀ ਹਾਲਾਤਾਂ ਦੀ ਸਮੀਖਿਆ ਵਾਸਤੇ ਡਿਪਟੀ ਕਮਿਸ਼ਨਰਾਂ ਨਾਲ ਸਿੱਧੀ ਮੀਟਿੰਗ ਕਰਨ ਤਾਂ ਜੋ ਦਰੁੱਸਤੀ ਭਰੇ ਕਦਮ ਤੁਰੰਤ ਚੁੱਕੇ ਜਾ ਸਕਣ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਛੇਤੀ ਤੋਂ ਛੇਤੀ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਉਹਨਾਂ ਨੇ ਲੋੜਵੰਦ ਮਰੀਜ਼ਾਂ ਨੂੰ ਯੂਥ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਪਲਾਜ਼ਮਾ ਬੈਂਕ ਸਹੂਲਤ ਦਾ ਲਾਭ ਲੈਣ ਵਾਸਤੇ ਵੀ ਆਖਿਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿਚ ਇਹ ਭਾਵਨਾ ਵੱਧ ਰਹੀ ਹੈ ਕਿ ਲੋਕਾਂ ਨੁੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ ਅਤੇ ਸਰਕਾਰ ਸਿਰਫ ਨਾਂ ਦੀ ਰਹਿ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਪ੍ਰਭਾਵ ਤੁਰੰਤ ਦਰੁੱਸਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਾਲਾਤ ਇਸ ਕਦਰ ਖਰਾਬ ਇਸ ਕਰ ਕੇ ਹੋਏ ਹਨ ਕਿਉਂਕਿ ਮੁੱਖ ਮੰਤਰੀਆਂ ਦੀਆਂ ਜ਼ਿੰਮੇਵਾਰੀਆਂ ਅਧੀਨ ਅਫਸਰਾਂ ਨੂੰ ਦੇ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਉਹਨਾਂ ਨੂੰ ਸਥਿਤੀ ਦਾ ਚਾਰਜ ਸੰਭਾਲਣਾ ਚਾਹੀਦਾ ਅਤੇ ਆਪ ਰੋਜ਼ਾਨਾ ਆਧਾਰ ’ਤੇ ਸਭ ਤੋਂ ਵੱਧ ਮਾਰ ਹੇਠ ਆਏ ਜ਼ਿਲਿ੍ਹਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਟੀਮ ਨਾਲ ਲਗਾਤਾਰ ਮੀਟਿੰਗ ਕਰਨੀ ਚਾਹੀਦੀ ਹੈ ਜਿਸਨੂੰ ਕੋਰੋਨਾ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਤੁਰੰਤ ਕਦਮ ਚੁੱਕਣ ਤਾਂ ਜੋ ਜੀਵਨ ਰੱਖਿਅਕ ਦਵਾਈਆਂ ਦੀ ਸੂਬੇ ਵਿਚ ਬਲੈਕ ਵਿਚ ਵਿਕਰੀ ਨਾ ਹੋਣੀ ਯਕੀਨੀ ਬਣਾਈ ਜਾ ਸਕੇ ਅਤੇ ਲੋਕ ਆਕਸੀਜ਼ਨ ਤੇ ਹਸਪਤਾਲਾਂ ਵਿਚ ਬੈਡਾਂ ਦੀ ਘਾਟ ਨਾਲ ਮੁਸ਼ਕਿਲਾਂ ਨਾ ਝੱਲਣ। ਉਹਨਾਂ ਕਿਹਾ ਕਿ ਐਂਬੂਲੈਂਸਾਂ ਵੱਲੋਂ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰ ਤੋਂ ਲਏ ਜਾਣ ਵਾਲੇ ਕਿਰਾਏ ਵੀ ਨਿਰਧਾਰਿਤ ਹੋਣੇ ਚਾਹੀਦੇ ਹਨ।
PUNJAB




INDIA








WORLD










