ਲਖਨਊ :- ਆਪਣੇ ਵਿਵਾਦਤ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਲਖਨਊ ਦੇ ਬਲੀਆ (Ballia) ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ (BJP MLA Surendra Singh) ਦਾ ਇੱਕ ਹੋਰ ਅਜੀਬ ਦਾਅਵਾ ਸਾਹਮਣੇ ਆਇਆ ਹੈ। ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਗਊ ਮੂਤਰ ਦੇ ਨਿਯਮਤ ਸੇਵਨ ਨਾਲ ਕੋਵਿਡ ਦੀ ਲਾਗ ਦਾ ਕੋਈ ਅਸਰ ਨਹੀਂ ਹੁੰਦਾ ਹੈ।
ਵਿਧਾਇਕ ਸੁਰੇਂਦਰ ਸਿੰਘ ਦੇ ਦਾਅਵੇ ਬਾਰੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਵਿਧਾਇਕ ਸੁਰੇਂਦਰ ਸਿੰਘ ਖ਼ੁਦ ਗਊ ਮੂਤਰ ਪੀਂਦੇ ਦਿਖਾਈ ਦੇ ਰਹੇ ਹਨ। ਉਹ ਦਾਅਵਾ ਕਰ ਰਹੇ ਹਨ ਕਿ ਉਹ ਨਿਯਮਿਤ ਤੌਰ ‘ਤੇ ਗਊ ਮੂਤਰ ਦਾ ਸੇਵਨ ਕਰਦੇ ਹਨ, ਜਿਸ ਨਾਲ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿੰਦੇ ਹਨ। ਇੰਨਾ ਹੀ ਨਹੀਂ, ਵਿਧਾਇਕ ਸੁਰੇਂਦਰ ਸਿੰਘ ਸਾਰਿਆਂ ਨੂੰ ਗਊ ਮੂਤਰ ਪੀਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਗਊ ਮੂਤਰ ਦੇ ਨਿਯਮਤ ਸੇਵਨ ਨਾਲ ਨਾ ਸਿਰਫ ਕੋਰੋਨਾ ਹੀ ਸਗੋਂ ਕਿਸੇ ਵੀ ਬਿਮਾਰੀ ਨਾਲ ਨਜਿੱਠਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਵਿਚ ਵਿਧਾਇਕ ਸੁਰੇਂਦਰ ਸਿੰਘ ਕਹਿ ਰਹੇ ਹਨ ਕਿ ਮੈਂ ਫਿਰ ਬੇਰੀਆ ਵਿਧਾਨ ਸਭਾ ਦੀ ਸਮੁੱਚੀ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ। ਇਹ ਪਤੰਜਲੀ ਦਾ ਗੋਧਨ ਅਰਕ ਹੈ। ਮੈਂ ਹਰ ਸਵੇਰੇ ਖਾਲੀ ਪੇਟ ਪੰਜ ਢੱਕਣ ਠੰਡੇ ਪਾਣੀ ਨਾਲ ਪੀਂਦਾ ਹਾਂ। ਮੈਨੂੰ ਨਹੀਂ ਪਤਾ ਕਿ ਇਸ ਦਾ ਵਿਗਿਆਨਕ ਤੱਤ ਕੀ ਹੈ, ਪਰ ਇਸ ਨੂੰ ਲੈਣ ਤੋਂ ਬਾਅਦ, ਮੈਂ ਲਗਾਤਾਰ ਤੁਹਾਡੇ ਵਿਚਕਾਰ 18 ਘੰਟਿਆਂ ਲਈ ਰਹਿੰਦਾ ਹਾਂ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੋਰੋਨਾ ਵਰਗੀ ਮਹਾਮਾਰੀ ਉਤੇ ਨਿਯੰਤਰਣ ਕੇਵਲ ਗਊ ਮੂਤਰ ਦੀ ਵਰਤੋਂ ਨਾਲ ਪਾਇਆ ਜਾ ਸਕਦਾ ਹੈ। ਭਾਵੇਂ ਵਿਗਿਆਨ ਇਸ ਨੂੰ ਸਵੀਕਾਰਦਾ ਹੈ ਜਾਂ ਨਹੀਂ। ਇਸ ਵਿਗਿਆਨਕ ਵਿਕਾਸ ਦੇ ਬਾਵਜੂਦ, ਪੂਰੀ ਦੁਨੀਆ ਦੇ ਲੋਕ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ। ਸਭ ਕੁਝ ਅਸਫਲ ਹੋ ਗਿਆ ਹੈ, ਅਜਿਹੇ ਵਿੱਚ ਇੱਕ ਵਿਅਕਤੀ ਨੂੰ ਰੱਬ ਉਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਆਪਣੇ ਪੁਰਖਿਆਂ ਦੀ ਪਰੰਪਰਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। 50 ਰੁਪਏ ਦੀ ਇੱਕ ਬੋਤਲ ਉਪਲਬਧ ਹੈ, ਤੁਸੀਂ ਇਸ ਨੂੰ 10 ਦਿਨਾਂ ਲਈ ਆਰਾਮ ਨਾਲ ਲੈ ਸਕਦੇ ਹੋ।