ਗੁਰਦਾਸਪੁਰ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਬੁਰਜੀ ਨੇੜੇ ਕਲਾਨੌਰ ਦਾ ਰਹਿਣ ਵਾਲਾ 24 ਸਾਲਾ ਸਿਪਾਹੀ ਜੰਮੂ-ਕਸ਼ਮੀਰ ਦੇ ਇੱਕ ਗਲੇਸ਼ੀਅਰ ਵਿੱਚ ਸ਼ਹੀਦ ਹੋ ਗਿਆ ਹੈ। ਜਿਸ ਦਾ ਅੱਜ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਉਸ ਦੇ ਪਿੰਡ ਦਬੁਰਜੀ ਵਿਖੇ ਹੋਵੇਗਾ।
ਜਾਣਕਾਰੀ ਅਨੁਸਾਰ ਸਿਪਾਹੀ ਪ੍ਰਗਟ ਸਿੰਘ 25 ਅਪ੍ਰੈਲ ਨੂੰ ਸਿਆਚਿਨ ਗਲੇਸ਼ੀਅਰ ਵਿੱਚ ਬਰਫੀਲੇ ਤੂਫਾਨ ਵਿੱਚ ਦੱਬ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ। 27 ਅਪ੍ਰੈਲ ਨੂੰ ਬਰਫ ਹੇਠੋਂ ਕੱਢ ਕੇ ਚੰਡੀਗੜ੍ਹ ਲਿਆਂਦਾ ਗਿਆ ਸੀ ਤੇ ਹਸਪਤਾਲ ਵਿਚ ਹਾਈਪੋਥਰਮਿਆ ਅਤੇ ਗੁਰਦੇ ਦੀ ਗੰਭੀਰ ਸੱਟ ਕਾਰਨ ਉਹ 8 ਮਈ ਨੂੰ ਸ਼ਹੀਦ ਹੋ ਗਿਆ।
ਦੱਸ ਦੇਈਏ ਕਿ ਸ਼ਹੀਦ ਸਿਪਾਹੀ ਪ੍ਰਗਟ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਬੁਰਜੀ ਨੇੜੇ ਕਲਾਨੌਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਿਤਾ ਸ. ਪ੍ਰੀਤਮ ਸਿੰਘ, ਮਾਤਾ ਸਰਦਾਰਨੀ ਸੁਖਵਿੰਦਰ ਕੌਰ ਤੇ ਦੋ ਭੈਣਾਂ ਛੱਡ ਗਏ ਹਨ। ਅੱਜ ਸਿਪਾਹੀ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੇਗੀ, ਜਿਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 25 ਅਪ੍ਰੈਲ 2021 ਨੂੰ ਅਜਿਹੇ ਹੀ ਬਰਫ ਦੇ ਤੋਦੇ ਡਿੱਗਣ ਕਾਰਨ ਡਿਊਟੀ ਕਰਦਿਆਂ ਦੋ ਹੋਰ ਜਵਾਨ ਵੀ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਸਿਪਾਹੀ ਬਰਨਾਲਾ ਜ਼ਿਲੇ ਦੇ ਪਿੰਡ ਕਰਮਗੜ੍ਹ ਦਾ ਅਮਰਦੀਪ ਸਿੰਘ ਤੇ ਦੂਜਾ ਸਿਪਾਹੀ ਮਾਨਸਾ ਜ਼ਿਲੇ ਦੇ ਪਿੰਡ ਹਾਕਮਵਾਲਾ ਦਾ ਪ੍ਰਭਜੋਤ ਸਿੰਘ ਸੀ।