ਬਿਹਾਰ ਦੇ ਬਕਸਰ ’ਚ ਬੀਤੇ ਦਿਨ ਗੰਗਾ ਕਿਨਾਰਿਓਂ ਸ਼ੱਕੀ ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਅੱਜ ਕੁਝ ਅਣਪਛਾਤੀਆਂ ਲਾਸ਼ਾਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ’ਚੋਂ ਲੰਘਦੀ ਗੰਗਾ ’ਚੋਂ ਵੀ ਬਰਾਮਦ ਹੋਈਆਂ ਹਨ। ਸਥਾਨਕ ਪ੍ਰਸ਼ਾਸਨ ਨੇ ਇਸ ਸਬੰਧੀ ਜਾਂਚ ਆਰੰਭ ਦਿੱਤੀ ਹੈ।
ਅੰਗਰੇਜ਼ੀ ਅਖਬਾਰ ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ ਬੀਤੇ ਦਿਨਾਂ ਵਿਚ ਗੰਗਾ ਵਿੱਚ ਘੱਟੋ ਘੱਟ 96 ਖਰਾਬ ਅਤੇ ਫੁੱਲੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲਾਸ਼ਾਂ ਕੋਵਿਡ ਸੰਕਰਮਿਤ ਹਨ। ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ 73 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ, ਜਦਕਿ ਗੁਆਂਢੀ ਰਾਜ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਘੱਟੋ ਘੱਟ 25 ਲਾਸ਼ਾਂ ਮਿਲੀਆਂ ਹਨ।
ਬਿਹਾਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਬਕਸਰ ਜ਼ਿਲੇ ਵਿਚ ਗੰਗਾ ਵਿਚੋਂ ਹੁਣ ਤੱਕ ਕੁੱਲ 71 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਜਲ ਸਰੋਤ ਮੰਤਰੀ ਸੰਜੇ ਕੁਮਾਰ ਝਾਅ ਨੇ ਮੰਗਲਵਾਰ ਨੂੰ ਆਪਣੇ ਟਵੀਟ ਵਿੱਚ ਬਕਸਰ ਜ਼ਿਲੇ ਦੇ ਚੌਸਾ ਪਿੰਡ ਨੇੜੇ ਗੰਗਾ ਨਦੀ ਵਿੱਚੋਂ ਮ੍ਰਿਤਕ ਦੇਹਾਂ ਬਾਰੇ ਕਿਹਾ ਕਿ 4-5 ਦਿਨ ਪੁਰਾਣੀਆਂ ਲਾਸ਼ਾਂ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆਂ ਹਨ।
ਇਸ ਦੌਰਾਨ, ਬਕਸਰ ਦੇ ਸਬ-ਡਵੀਜ਼ਨ ਅਧਿਕਾਰੀ ਕੇ.ਕੇ. ਉਪਾਧਿਆਏ ਨੇ ਦੱਸਿਆ ਕਿ ਮੰਗਲਵਾਰ ਨੂੰ ਦੋ ਹੋਰ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਸਰਹੱਦ ‘ਤੇ ਲਾਏ ਜਾਲ ਦੇ ਨੇੜੇ ਆਈਆਂ ਹਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਸਰਹੱਦ‘ ਤੇ ਹੀ ਕੀਤਾ ਜਾ ਰਿਹਾ ਹੈ।
ਅੰਗਰੇਜ਼ੀ ਅਖਬਾਰ ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਬਕਸਰ ਦੇ ਐਸਪੀ ਨੀਰਜ ਕੁਮਾਰ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, ‘ਅਸੀਂ ਹੁਣ ਤੱਕ ਗੰਗਾ ਤੋਂ 71 ਲਾਸ਼ਾਂ ਕੱਢੀਆਂ ਹਨ। ਅਸੀਂ ਸਾਰਿਆਂ ਦਾ ਪੋਸਟਮਾਰਟਮ ਕੀਤਾ ਅਤੇ ਡੀਐਨਏ ਅਤੇ ਕੋਵਿਡ ਦੇ ਨਮੂਨੇ ਵੀ ਲਏ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹਾਂ ਦਾ ਸਸਕਾਰ ਕੋਵਿਡ ਪ੍ਰੋਟੋਕੋਲ ਦੇ ਅਨੁਸਾਰ ਕੀਤਾ ਗਿਆ।