ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਤੋਂ ਕੇਂਦਰ ਵੱਲੋਂ ਬੀਐਸਐਫ ਦਾ ਘੇਰਾ ਪੰਜਾਬ ਅੰਦਰ ਨੂੰ 15 ਕਿਲੋਮੀਟਰ ਤੋਂ ਵਧਾਅ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਘਮਸਾਣ ਮੱਚਿਆ ਹੋਇਆ ਹੈ ਤੇ ਕਾਂਗਰਸ ਇਸ ਮੁੱਦੇ ਤੇ ਦੋਫਾੜ ਹੋ ਚੁੱਕੀ ਹੈ । ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਇਸ ਦੀ ਨਿਖੇਧੀ ਕੀਤੀ ਹੈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕੇਂਦਰ ਦੀ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੈਪਟਨ ਦੀ ਹਾਂ ਵਿੱਚ ਹਾਂ ਮਿਲਾਅ ਦਿੱਤੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸਾਨੂੰ ਆਪਣੀਆਂ ਸੁਰੱਖਿਆ ਬਲਾਂ ‘ਤੇ ਮਾਣ ਹੈ, ਜੋ ਸਰਹੱਦਾਂ ਦੀ ਸੁਰੱਖਿਆ ਅਤੇ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਉਣ ਲਈ ਡਟੇ ਹਨ। ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਰਾਜਨੀਤਕ ਫਾਇਦੇ ਲਈ ਸੁਰੱਖਿਆ ਬਲਾਂ ਦਾ ਇਸਤੇਮਾਲ ਕਰਨਾ ਗਲਤ ਹੈ। ਕੈਪਟਨ ਅਮਰਿੰਦਰ ਸਿੰਘ ਜੀ ਤੋਂ ਵਧੀਆ ਇਸ ਨੂੰ ਕੋਈ ਨਹੀਂ ਸਮਝਦਾ।
ਦੂਜੇ ਪਾਸੇ ਚੰਨੀ ਸਰਕਾਰ ਦੇ ਮੰਤਰੀ ਪ੍ਰਗਟ ਸਿੰਘ ਨੇ ਕੈਪਟਨ ਤੇ ਨਿਸ਼ਾਨਾ ਸਾਧਿਆ ਹੈ ।ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕੈਪਟਨ ‘ਤੇ ਸਾਜ਼ਿਸ਼ਾਂ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਕੈਪਟਨ ਭਾਜਪਾ ਨਾਲ ਮਿਲ ਕੇ ਪੰਜਾਬ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਤਾਂ ਹਮੇਸ਼ਾ ਤੋਂ ਹੀ ਭਾਜਪਾ ਦੇ ਨਾਲ ਸੀ। ਕੈਪਟਨ ਦੇ ਦਿੱਲੀ ਦੌਰੇ ‘ਤੇ ਤੰਜ ਕੱਸਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਕੈਪਟਨ ਦਿੱਲੀ ਗਏ ਸਨ ਤਾਂ ਝੋਨੇ ਦੀ ਖਰੀਦ ਵਿਚ ਦੇਰੀ ਕਰਵਾ ਕੇ ਆਏ ਸਨ ਤੇ ਹੁਣ ਜਦੋਂ ਦੂਜੀ ਵਾਰ ਗਏ ਉਦੋਂ ਬੀ. ਐੱਸ. ਐੱਫ. ਅਧਿਕਾਰਾਂ ਵਿਚ ਇਜਾਫਾ ਕਰਵਾ ਦਿੱਤਾ। ਕੈਪਟਨ ਸਾਹਿਬ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਵਾਉਣਾ ਚਾਹੁੰਦੇ ਹਨ।
ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਦੀਆਂ ਇਨ੍ਹਾਂ ਨਾਕਾਮ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਸੰਭਾਲਣ ਦੇ ਲਾਇਕ ਹਾਂ। ਇਸ ਮੌਕੇ ਪ੍ਰਗਟ ਸਿੰਘ ਨਾਲ ਵਿਜੈਇੰਦਰ ਸਿੰਘ ਵੀ ਮੌਜੂਦ ਸਨ। ਸਿੰਗਲਾ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਸੰਘੀ ਢਾਂਚੇ ਨੂੰ ਢਾਹ ਲਗਾ ਰਿਹਾ ਹੈ ਤੇ ਕੇਂਦਰ ਸੂਬਿਆਂ ਨੂੰ ਕਮਜ਼ੋਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
PUNJAB




INDIA








WORLD










