ਬਾਘਾਪੁਰਾਣਾ 19 ਅਕਤੂਬਰ (ਤਰਲੋਚਨ ਬਰਾੜ) : ਪੰਜਾਬ ਵਿਚ ਸਿਆਸਤ ਦਾ ਪਾਰਾ ਦਿਨ ਬ ਦਿਨ ਚੜ੍ਹਦਾ ਜਾ ਰਿਹਾ ਹੈ ਤੇ ਰਾਜਾ ਵੜਿੰਗ ਇਸ ਅੱਗ ਵਿਚ ਹੋਰ ਘਿਓ ਪਾਉਣ ਦਾ ਕੰਮ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਦਾ ਹਿੱਸਾ ਬਣੇ ਆ ਰਹੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਅੱਗੇ ਹੁਣ ਬੁੱਧੀਜੀਵੀ ਨਵੇਂ ਸਵਾਲ ਖੜੇ ਕਰ ਰਹੇ ਹਨ। ਜੇਕਰ ਆਮ ਵਰਗ ਦੀ ਮੰਨੀਏ ਤਾਂ ਰਾਜਾ ਵੜਿੰਗ ਸਿਰਫ ਦਿਵਾਲੀ ਇਕੱਠੀ ਕਰਨ ਲਈ ਹੀ ਪ੍ਰਾਈਵੇਟ ਬੱਸਾਂ ਉੱਪਰ ਕਾਰਵਾਈਆਂ ਦੀਆਂ ਖ਼ਬਰਾਂ ਚਲਵਾ ਰਹੇ ਹਨ ਜੋ ਸਗੋਂ ਸੱਚਾਈ ਤੋਂ ਕੋਸਾਂ ਦੂਰ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਕੀਕਤ ਵਿਚ ਸਰਕਾਰ ਅਜਿਹੀਆਂ ਗੈਰ ਕਾਨੂੰਨੀ ਬੱਸਾਂ ਉੱਪਰ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਪਿਛਲਾ ਰਿਕਾਰਡ ਫਰੋਲਣਾ ਚਾਹੀਦਾ ਹੈ ਕਿ ਉਕਤ ਬੱਸ ਅਪਰੇਟਰਾਂ ਦੁਆਰਾ ਪਿਛਲੇ ਕਿੰਨੇ ਸਮੇਂ ਤੋਂ ਸਰਕਾਰੀ ਖਜ਼ਾਨੇ ਨੂੰ ਠੋਕੂ ਲਾਇਆ ਜਾ ਰਿਹਾ ਹੈ ਤੇ ਸਾਰਾ ਮਸਲਾ ਪੂਰਾ ਸਟੱਡੀ ਕਰਕੇ ਉਕਤ ਬੱਸ ਅਪਰੇਟਰ ਨੂੰ ਬਣਦਾ ਜੁਰਮਾਨਾ ਜਾਂ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਥੇ ਹੀ ਤੁਹਾਨੂੰ ਇਹ ਵੀ ਦੱਸਣਾ ਜਰੂਰੀ ਹੈ ਕਿ ਇਕ ਤਸਵੀਰ ਜੋ ਪਿਛਲੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ਉੱਪਰ ਛਾਈ ਪਈ ਹੈ ਉਸ ਮੁਤਾਬਿਕ ਇਕ ਨਿਜੀ ਬੱਸ ਅਪਰੇਟਰ ਦੀਆਂ ਇਕੋ ਨੰਬਰ ਤੇ ਚਾਰ ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਦੇ ਨੰਬਰ ਤਾਂ ਇਕੋ ਜਿਹੇ ਹਨ ਸਗੋਂ ਉਨ੍ਹਾਂ ਚਾਰਾਂ ਬੱਸਾਂ ਨੂੰ ਚਲਾਉਣ ਲਈ ਪਰਮਿਟ ਵੀ ਇਕੋ ਹੀ ਵਰਤਿਆ ਗਿਆ ਹੈ। ਇਥੇ ਹੁਣ ਨਵ ਨਿਯੁਕਤ ਟਰਾਂਸਪੋਰਟ ਮੰਤਰੀ ਅੱਗੇ ਇਹ ਚਣੌਤੀ ਹੈ ਕਿ ਕੀ ਉਹ ਉਕਤ ਗੈਰ ਕਾਨੂੰਨੀ ਢੰਗ ਨਾਲ ਚਲਦੀਆਂ ਬੱਸਾਂ ਦੇ ਮਾਲਿਕਾਂ, ਜਨਰਲ ਮੈਨੇਜਰ ਕਲਰਕਾਂ, ਬੱਸ ਅੱਡਾ ਇੰਚਾਰਜਾਂ ਉੱਪਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣਗੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
PUNJAB




INDIA








WORLD










