ਅੰਬਾਲਾ: ਤਿੰਨ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਪਿਛਲੇ ਨਵੰਬਰ ਤੋਂ ਚੱਲ ਰਿਹਾ ਅੰਦੋਲਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਬੀਜੇਪੀ ਲੀਡਰਾਂ ਤੇ ਕਿਸਾਨਾਂ ਦਰਮਿਆਨ ਟਕਰਾਅ ਵੀ ਵਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਸਾਨਾਂ ਨੂੰ ਕਾਨੂੰਨ ਹੱਥ ਵਿੱਚ ਨਾ ਲੈਣ ਦੀ ਸਲਾਹ ਦਿੱਤੀ ਹੈ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਸਰਕਾਰ ਤੇ ਕਿਸਾਨਾਂ ਦਰਮਿਆਨ ਲਗਾਤਾਰ ਵਧ ਰਹੇ ਟਕਰਾਅ ਬਾਰੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ। ਅਨਿਲ ਵਿੱਜ ਨੇ ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਕੇਸ ਵਿੱਚ ਤਿੱਖੀ ਪ੍ਰਤੀਕ੍ਰਿਆ ਦਿੱਤੀ ਤੇ ਕਿਹਾ ਕਿ ਇਸ ਤਰ੍ਹਾਂ ਦਾ ਵਿਰੋਧ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿੱਜ ਨੇ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਾਲੇ ਝੰਡੇ ਤੇ ਬੈਨਰ ਦਿਖਾਉਣੇ ਚਾਹੀਦੇ ਹਨ, ਪਰ 200 ਮੀਟਰ ਦੀ ਦੂਰੀ ਤੋਂ।
ਦੱਸ ਦਈਏ ਕਿ ਬੀਤੇ ਦਿਨੀਂ ਦਵੇਂਦਰ ਬਬਲੀ ਦੇ ਸਖ਼ਤ ਵਿਰੋਧ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਵਿੱਜ ਨੇ ਸਖ਼ਤ ਲਹਿਜੇ ਵਿੱਚ ਪ੍ਰਤੀਕਿਰੀਆ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤੁਸੀਂ ਕਿਸੇ ਨੂੰ ਕਿਸੇ ਵੀ ਪ੍ਰੋਗਰਾਮ ਵਿੱਚ ਨਾ ਜਾਣ ਦਿਓ, ਕਿਸੇ ਨੂੰ ਘਰ ਨਾ ਜਾਣ ਦਿਓ, ਕਿਸੇ ਨੂੰ ਵੀ ਹਸਪਤਾਲ ਵਿੱਚ ਮਰੀਜ਼ਾਂ ਦੀ ਸਥਿਤੀ ਬਾਰੇ ਜਾਣਨ ਨਾ ਦਿਓ, ਇਹ ਕਿਸ ਕਿਸਮ ਦਾ ਅੰਦੋਲਨ ਹੈ?
ਇਸ ਦੇ ਨਾਲ ਹੀ ਵਿੱਜ ਇੱਥੇ ਹੀ ਨਹੀਂ ਰੁਕੇ ਤੇ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਵਾਪਰੀ ਇਸ ਘਟਨਾ ਦੀ ਹਰ ਗੱਲ ਐਫਆਈਆਰ ਵਿੱਚ ਦਰਜ ਹੈ। ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿੱਜ ਨੇ ਸਖ਼ਤ ਲਹਿਜ਼ੇ ‘ਚ ਚੇਤਾਵਨੀ ਦਿੱਤੀ ਤੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।