ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ । ਤੇ ਆਪਣੇ ਕੈਬਨਿਟ ਮੰਤਰੀਆਂ ਨੂੰ ਵੀ ਜਵਾਬਦੇਹੀ ਕਰਨ ਲਈ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ। ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਹੋ ਰਹੀ ਤਸਕਰੀ ਨੂੰ ਲੈ ਕੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧਾ ਸਿੱਧਾ ਜ਼ਿੰਮੇਵਾਰ ਠਹਿਰਾਇਆ ਹੈ । ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਕੇਂਦਰ ਦੀ ਜ਼ਿੰਮੇਵਾਰੀ ਹੈ ਤੇ ਇਸ ਲਈ ਬੀਐਸਐਫ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀ ਖੁਫੀਆ ਜਾਣਕਾਰੀ ਕਾਰਨ ਹੀ ਹਰਿਆਣਾ ਵਿੱਚ ਅੱਤਵਾਦੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਜਦੋਂਕਿ ਡ੍ਰੋਨ ਰਾਹੀਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਲਈ ਬੀਐਸਐਫ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ ਕਿਉਂਕਿ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਕੇਂਦਰ ਦੀ ਜ਼ਿੰਮੇਵਾਰੀ ਹੈ।
ਦੱਸ ਦੇਈਏ ਕਿ ਜੇਲ੍ਹ ਤੇ ਮਾਈਨਿੰਗ ਮੰਤਰੀ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹਾਂ ਸਬੰਧੀ ਕੀਤੇ ਗਏ ਫੈਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਲ੍ਹਾਂ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਵੀਆਈਪੀ ਬੈਰਕਾਂ ਦੀ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਤੇ ਹੁਣ ਉੱਥੇ ਪ੍ਰਸ਼ਾਸਨਿਕ ਬਲਾਕ ਬਣਾਏ ਜਾਣਗੇ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ,ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਦਿੱਤਾ ਜਵਾਬ
ਦੂਜੇ ਪਾਸੇ ਮੰਤਰੀ ਹਰਜੋਤ ਬੈਂਸ ਦੇ ਇਲਜ਼ਾਮਾਂ ਦਾ ਮੋੜਵਾਂ ਜਵਾਬ ਦਿੰਦਿਆਂ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸਰਹੱਦ ਪਾਰ ਤੋਂ ਨਹੀਂ ਸਗੋਂ ਪੰਜਾਬ ‘ਚ ਹੀ ਨਸ਼ਾ ਤਿਆਰ ਹੋ ਰਿਹਾ ਹੈ ਤੇ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿੱਚ ਵੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸਰਹੱਦ ਰਾਹੀਆਂ ਨਸ਼ਾ ਆਉਣ ਬਾਰੇ ਜੋ ਬਿਆਨ ਦਿੱਤਾ ਗਿਆ ਹੈ, ਉਹ ਬਿਆਨ ਗਲਤ ਹੈ, ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।
ਗਰੇਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੇ ਕਿਹੜਾ ਕੰਮ ਕਰਨਾ ਹੈ, ਉਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਤਜਰਬਾ ਨਹੀਂ। ਇਸੇ ਲਈ ਉਹ ਅਜਿਹੇ ਬਿਆਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਬਾਰਡਰ ਨਾਲ ਤਾਂ ਹੋਰ ਸੂਬੇ ਵੀ ਹਨ ਪਰ ਉਥੇ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਉਂਦੀ, ਸਿਰਫ਼ ਪੰਜਾਬ ਵਿੱਚ ਹੀ ਕਿਉਂ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ।
ਗਰੇਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਪਹਿਲੇ 2 ਮਹੀਨਿਆਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਇਸ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਕਿਉਂਕਿ ਪੰਜਾਬ ਵਿੱਚ ਇਨ੍ਹੀਂ ਦਿਨੀਂ ਬਹੁਤ ਕਤਲ ਹੋਏ ਹਨ, ਬਹੁਤ ਲੋਕ ਖੁਦਕੁਸ਼ੀਆਂ ਕਰ ਚੁੱਕੇ ਹਨ ਤੇ ਪੰਜਾਬ ਵਿੱਚ ਕੋਈ ਵਿਕਾਸ ਕਾਰਜ ਨਹੀਂ ਹੋਇਆ। ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਤਾਂ ਇਹ ਲੋਕ ਕੋਈ ਕੰਮ ਨਹੀਂ ਕਰ ਰਹੇ ਤੇ ਤੁਸੀਂ ਦੇਖਣਾ ਕਿ ਇੱਕ ਦਿਨ ਪੰਜਾਬ ਵਿੱਚ ਭਾਜਪਾ ਜ਼ਰੂਰ ਆਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਣਕ ਬਾਹਰ ਨਾ ਭੇਜਣ ਦਾ ਫੈਸਲਾ ਕੀਤਾ ਹੈ, ਉਹ ਦੇਸ਼ ਦੇ ਲੋਕਾਂ ਲਈ ਕੀਤਾ ਗਿਆ ਹੈ। ਦੇਸ਼ ਵਿੱਚ ਮਹਿੰਗਾਈ ਨਾ ਵਧੇ, ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਦਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਜੋ ਕਮੇਟੀ ਆਈ ਸੀ, ਉਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਹੁਣ 6 ਫੀਸਦ ਦੀ ਬਜਾਏ 18 ਫੀਸਦ ‘ਤੇ ਜੋ ਦਾਣਾ ਟੁੱਟਿਆ ਹੋਇਆ ਹੈ, ਉਸ ਦੀ ਫਸਲ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਉਸ ਕਮੇਟੀ ਦੇ ਫੈਸਲੇ ਦੇ ਆਧਾਰ ‘ਤੇ ਹੀ ਅਸੀਂ ਇਹ ਪ੍ਰਤੀਸ਼ਤ ਵਧਾਉਣ ਦਾ ਫੈਸਲਾ ਕੀਤਾ ਹੈ। ਜੇਕਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਣਾ ਹੈ ਤਾਂ ਪੰਜਾਬ ਸਰਕਾਰ ਦੇਵੇ, ਹਰ ਚੀਜ਼ ਨੂੰ ਕੇਂਦਰ ਨਹੀਂ ਕਰੇਗਾ।
ਗਰੇਵਾਲ ਨੇ ਕਿਹਾ ਅੱਜ ਕੱਲ੍ਹ ਧਾਰਮਿਕ ਸਥਾਨਾਂ ‘ਤੇ ਇਕੱਠ ਕੀਤੇ ਜਾ ਰਹੇ ਹਨ ਤੇ ਉੱਥੇ ਅੱਖ ਮਟੱਕਾ ਹੋ ਰਿਹਾ ਹੈ। ਇਹੀ ਲੋਕ ਹਨ ਜੋ ਦੇਸ਼ ‘ਚ ਅਸ਼ਾਂਤੀ ਫੈਲਾ ਰਹੇ ਹਨ ਤੇ ਪਾਕਿਸਤਾਨ ‘ਚ ਜੋ ਕੁਝ ਹੋਇਆ, ਉੱਥੇ ਘੱਟ ਗਿਣਤੀ ਲੋਕ ਸੁਰੱਖਿਅਤ ਨਹੀਂ ਹਨ, ਇਸੇ ਲਈ ਪਾਕਿਸਤਾਨ ‘ਚ ਅਜਿਹਾ ਹੋ ਰਿਹਾ ਹੈ। ਅਸੀਂ ਇੱਕ ਕਾਨੂੰਨ ਬਣਾ ਕੇ ਬਾਹਰਲੇ ਮੁਲਕਾਂ ਤੋਂ ਸਿੱਖਾਂ ਤੇ ਹਿੰਦੂਆਂ ਨੂੰ ਆਪਣੇ ਦੇਸ਼ ਵਿੱਚ ਲਿਆਂਦਾ, ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਾਂਗੇ ਕਿ ਉਹ ਪਾਕਿਸਤਾਨ ਤੋਂ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਫ਼ਿਰ ਕਦੇ ਵੀ ਇਕੱਠੇ ਨਹੀਂ ਹੋ ਸਕਦੇ, ਅਸੀਂ ਆਉਣ ਵਾਲੀਆਂ ਚੋਣਾਂ ਆਪਣੇ ਦਮ ‘ਤੇ ਲੜਾਂਗੇ ਅਤੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ। ਪੰਜਾਬ ਲੋਕ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ, ਕੋਈ ਉਸਨੂੰ ਨਹੀਂ ਜਾਣਦਾ, ਮੈਨੂੰ ਤਾਂ ਇਹ ਨਹੀਂ ਪਤਾ ਕਿ ਇਹ ਕਿਹੜੀ ਪਾਰਟੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦੇ ਹੋਏ ਸਾਡੇ ਵਰਕਰਾਂ ‘ਤੇ ਤਸ਼ੱਸਦ ਕੀਤਾ , ਜੇਕਰ ਕੈਪਟਨ ਨੇ ਸਾਡੀ ਪਾਰਟੀ ‘ਚ ਆਉਣਾ ਹੈ ਤਾਂ ਉਹ ਆ ਸਕਦੇ ਹਨ। ਪਟਿਆਲਾ ਤੋਂ ਜੇਕਰ ਉਨ੍ਹਾਂ ਨੂੰ ਦੋ-ਚਾਰ ਸੀਟਾਂ ਚਾਹੀਦੀਆਂ ਹਨ ਤਾਂ ਅਸੀਂ ਦੇ ਦੇਵਾਂਗੇ।
PUNJAB




INDIA








WORLD










