ਬਾਘਾਪੁਰਾਣਾ 5 ਜੂਨ (ਪ.ਪ.) : ਜਿਵੇਂ ਹੀ ਪੰਜਾਬ ਵਿਚ ਅਗਾਮੀ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਸਿਆਸਤ ਦਾ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਹੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਅੱਜ ਪੰਜਾਬ ਦੀ ਕਾਂਗਰਸ ਉੱਪਰ ਤਿੱਖੇ ਸ਼ਬਦੀ ਤੀਰ ਛੱਡੇ, ਜਿਸ ਦੌਰਾਨ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਜੱਗ ਜਾਹਿਰ ਹੋ ਗਈ ਹੈ ਕਿਉਕਿ ਉਨ੍ਹਾਂ ਦੁਆਰਾ ਛੇਵਾਂ ਪੇ ਕਮਿਸ਼ਨ ਜੂਨ ਵਿਚ ਪੇਸ਼ ਕਰਨ ਦੀ ਬਜਾਏ ਉਸਨੂੰ ਅਗੇ ਕਰਕੇ ਅਗਸਤ ਦੇ ਅਖੀਰ ਤੱਕ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮੁਲਾਜਮ ਵਰਗ ਨਾਲ ਧ੍ਰੋਅ ਕਮਾ ਰਹੀ ਹੈ ਤੇ ਇਸਦਾ ਕਰਾਰ ਜਵਾਬ ਮੁਲਾਜਮ ਵਰਗ ਸਰਕਾਰ ਨੂੰ ਅਗਾਮੀ ਚੋਣਾਂ ਵਿਚ ਦੇਵੇਗਾ। ਨਾਲ ਹੀ ਉਨ੍ਹਾਂ ਪੇ-ਕਮਿਸ਼ਨ ਨੂੰ ਅਗੇ ਕਰਨ ਪਿੱਛੇ ਸਿਆਸਤ ਵੀ ਦੱਸੀ , ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਅਗਸਤ ਦੇ ਅਖੀਰ ਵਿਚ ਪੇ-ਕਮਿਸ਼ਨ ਲੈਕੇ ਆਵੇਗੀ ਤਾਂ ਉਸ ਵੇਲੇ ਚੋਣ ਜਾਬਤਾ ਲਾਗੂ ਹੋ ਜਾਵੇਗਾ ਤੇ ਮੁਲਾਜਮ ਵਰਗ ਨੂੰ ਉਨ੍ਹਾਂ ਦਾ ਬਣਦਾ ਫਿਰਤੋਂ ਸਮੇਂ ਸਿਰ ਨਹੀਂ ਮਿਲੇਗਾ। ਇਸ ਮੌਕੇ ਉਨ੍ਹਾਂ ਨਾਲ ਸਰਕਲ ਸਮਾਲਸਰ ਪ੍ਰਧਾਨ ਗੁਰਜੰਟ ਸਿੰਘ ਭੁੱਟੋ, ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਸਰਪੰਚ ਜਰਨੈਲ ਸਿੰਘ ਲੰਗੇਆਣਾ, ਬਚਿੱਤਰ ਸਿੰਘ ਕਾਲੇਕੇ , ਸੁਰਿੰਦਰ ਸਿੰਘ ਛਿੰਦਾ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਅਕਾਲੀ ਆਗੂ ਮਜੂਦ ਸਨ।