ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਲਾੜੀ ਦੇ ਡੀਜੇ ‘ਤੇ ਡਾਂਸ ਨਾ ਕਰਨ ਉਤੇ ਲਾੜੇ ਨੇ ਹੰਗਾਮਾ ਕਰ ਦਿੱਤਾ। ਲਾੜੇ ਦੀ ਇਸ ਹਰਕਤ ਨੂੰ ਵੇਖਦਿਆਂ ਲਾੜੀ ਨੇ ਉਸ ਉਤੇ ਨਸ਼ੇ ਵਿੱਚ ਹੋਣ ਦਾ ਦੋਸ਼ ਲਾਉਂਦਿਆਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਲਾੜੀ ਨੇ ਇਹ ਕਹਿਣ ‘ਤੇ ਮਾਹੌਲ ਤਲਖ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾੜਾ ਡੀਜੇ ‘ਤੇ ਲਾੜੀ ਨਾਲ ਨੱਚਣ ਦੀ ਜ਼ਿੱਦ ਕਰ ਰਿਹਾ ਸੀ। ਪਰ ਲਾੜੀ ਇਸ ਨਾਲ ਸਹਿਮਤ ਨਹੀਂ ਹੋਈ। ਝਗੜਾ ਵੱਧਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਦੇ ਹੋਏ ਉਨ੍ਹਾਂ ਨੂੰ ਬੰਧਕ ਬਣਾ ਲਿਆ। ਦੇਰ ਰਾਤ ਤੋਂ ਦੁਪਹਿਰ 12 ਵਜੇ ਤੱਕ ਲਾੜਾ ਤੇ ਉਸ ਦਾ ਪਰਿਵਾਰ ਲੜਕੀ ਦੇ ਘਰ ‘ਤੇ ਬੰਧਕ ਬਣੇ ਰਹੇ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ, ਦੋਵਾਂ ਧਿਰਾਂ ਵਿਚਕਾਰ ਘੰਟਿਆਂ ਬੱਧੀ ਪੰਚਾਇਤ ਚੱਲ਼ਦੀ ਰਹੀ, ਪੁਲਿਸ ਦੀ ਮੌਜੂਦਗੀ ਵਿਚ ਲਾੜੀ ਪੱਖ ਨੂੰ ਵਿਆਹ ਦੇ ਖਰਚੇ ਵਜੋਂ ਪੰਜ ਲੱਖ ਰੁਪਏ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ, ਹਾਲਾਂਕਿ, ਪੈਸੇ ਪ੍ਰਾਪਤ ਹੋਣ ਤੱਕ ਲਾੜੀ ਪੱਖ ਨੇ ਲਾੜੇ ਨੂੰ ਬੰਧਕ ਬਣਾ ਰੱਖਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੰਧਾਦਾ ਥਾਣਾ ਖੇਤਰ ਦੇ ਪਿੰਡ ਅਹਿੰਨਾ ਦੇ ਵਸਨੀਕ ਨੌਜਵਾਨ ਦੀ ਬਰਾਤ ਸ਼ਨੀਵਾਰ ਨੂੰ ਮੰਧਾਦਾ ਦੇ ਟਿੱਕਰੀ ਪਿੰਡ ਗਈ ਸੀ। ਲਾੜੀ ਦੇ ਪਿਤਾ ਦਾ ਦੋਸ਼ ਹੈ ਕਿ ਲਾੜਾ ਅਤੇ ਉਸ ਦੇ ਕਈ ਰਿਸ਼ਤੇਦਾਰ ਨਸ਼ੇ ਦੀ ਹਾਲਤ ਵਿੱਚ ਸਨ।
ਸਟੇਜ ‘ਤੇ ਜੈਮਾਲਾ ਦਾ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ, ਜਦੋਂ ਲਾੜੀ ਘਰ ਦੇ ਅੰਦਰ ਜਾਣ ਲੱਗੀ, ਤਾਂ ਲਾੜੇ ਨੇ ਲਾੜੀ ਦਾ ਹੱਥ ਫੜ ਲਿਆ ਅਤੇ ਡੀਜੇ ‘ਤੇ ਉਸ ਦੇ ਨਾਲ ਨੱਚਣ ਲਈ ਜ਼ਿੱਦ ਕੀਤੀ, ਪਰ ਜਦੋਂ ਲਾੜੀ ਡਾਂਸ ਲਈ ਤਿਆਰ ਨਹੀਂ ਸੀ, ਤਦ ਲਾੜੇ ਨੇ ਸਭ ਦੇ ਸਾਹਮਣੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਲਾੜੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਮਾਮਲਾ ਵਧ ਗਿਆ।