ਜੋਧਪੁਰ : ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ‘ਚ ਇਕ ਨਾਬਾਲਿਗ ਸਕੂਲੀ ਵਿਦਿਆਰਥਣ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਚਾਰਦੀਵਾਰੀ ਵਿੱਚ ਅਧਿਆਪਕਾਂ ਵੱਲੋਂ ਲੜਕੀ ਨਾਲ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ । ਪੁਲਿਸ ਨੇ 2 ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਵਾਂ ਖਿਲਾਫ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਇਹ ਘਟਨਾ ਸ਼ੇਰਗੜ੍ਹ ਥਾਣੇ ਅਧੀਨ ਪੈਂਦੇ ਮੋਕਮਗੜ੍ਹ ਖੇਤਰ ਦੇ ਇਕ ਉੱਚ ਪ੍ਰਾਇਮਰੀ ਸਕੂਲ ਦੀ ਦੱਸੀ ਜਾ ਰਹੀ ਹੈ। ਪੀੜਤ ਲੜਕੀ ਦੇ ਪਿਤਾ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਾਰਚ ਦੇ ਆਖਰੀ ਹਫ਼ਤੇ ਵਿੱਚ ਉਸ ਦੀ ਨਾਬਾਲਗ ਧੀ ਸਕੂਲ ਦੀ ਚਾਰਦੀਵਾਰੀ ਵਿੱਚ ਸੀ। ਜਿਥੇ ਸਾਹਿਰਾਮ ਅਤੇ ਸੁਜਾਰਮ ਵਿਸ਼ਨੋਈ ਨਾਮ ਦੇ ਅਧਿਆਪਕਾਂ ਨੇ ਉਸ ਨੂੰ ਇਕ ਕਮਰੇ ਵਿਚ ਲਿਜਾ ਕੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਲੜਕੀ ਨੇ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੇਰ ਨਾਲ ਦੱਸਿਆ, ਇਸ ਲਈ ਰਿਪੋਰਟ ਲਿਖਣ ਵਿਚ ਦੇਰੀ ਹੋਈ।
ਦੱਸਿਆ ਜਾ ਰਿਹਾ ਹੈ ਕਿ ਅਚਾਨਕ ਜਦੋਂ ਲੜਕੀ ਦੀ ਸਿਹਤ ਵਿਗੜ ਗਈ ਤਾਂ ਉਸਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਗਏ। ਲੜਕੀ ਦੀ ਪੜਤਾਲ ਕਰਨ ਤੋਂ ਬਾਅਦ ਪਤਾ ਚਲਿਆ ਕਿ ਉਹ ਗਰਭਵਤੀ ਹੈ, ਇਹ ਸੁਣਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਇਸ ਤੋਂ ਬਾਅਦ ਪੀੜਤ ਨੇ ਰੋ ਰੋ ਕੇ ਦੋਹਾਂ ਅਧਿਆਪਕਾਂ ਦੀ ਗੰਦੀ ਕਰਤੂਤ ਬਾਰੇ ਦੱਸਿਆ।
ਪੁਲਿਸ ਦਾ ਕਹਿਣਾ ਹੈ ਕਿ ਲੜਕੀ ਸਰਕਾਰੀ ਸਕੂਲ ਦੀ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਸਕੂਲ ਦੇ ਵਿਹੜੇ ਵਿਚ ਹੀ ਉਸ ਨਾਲ ਤਿੰਨ ਜਾਂ ਚਾਰ ਵਾਰ ਬਲਾਤਕਾਰ ਹੋਇਆ ਸੀ। ਪੀੜਤ ਲੜਕੀ ਨੇ ਦੱਸਿਆ ਕਿ ਦੋਸ਼ੀ ਅਧਿਆਪਕਾ ਉਸ ਨੂੰ ਵਾਰ-ਵਾਰ ਫੇਲ ਕਰਨ ਦੀਆਂ ਧਮਕੀਆਂ ਦੇ ਕੇ ਗੰਦਾ ਕੰਮ ਕਰਦੇ ਸੀ।