ਅਮਰੀਕਾ ਸਰਕਾਰ ਨੇ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਉਪਰ ਧੋਖਾਧੜੀ ਅਤੇ ਰਿਸ਼ਵਤ ਦੇਣ ਨੂੰ ਲੈਕੇ ਮਾਮਲਾ ਦਰਜ਼ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗੌਤਮ ਅਡਾਨੀ ਨੇ ਅਮਰੀਕਾ ਵਿੱਚ ਆਪਣੀ ਇੱਕ ਕੰਪਨੀ ਠੇਕਾ ਲੈਣ 25 ਕਰੋੜ ਡਾਲਰ ਦੀ ਰਿਸ਼ਵਤ ਅਤੇ ਮਾਮਲੇ ਨੂੰ ਲੁਕਾਉਣ ਦੇ ਇਲਜਾਮ ਲੱਗੇ ਹਨ। ਉਸ ਮਾਮਲੇ ਉਪਰ ਬੁੱਧਵਾਰ ਨੂੰ ਨਿਊਯਾਰਕ ਵਿੱਚ ਗੌਤਮ ਅਡਾਨੀ ਤੇ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਇਹ ਭਾਰਤ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ 62 ਸਾਲਾ ਗੌਤਮ ਅਡਾਨੀ ਲਈ ਵੱਡਾ ਝਟਕਾ ਹੈ। ਅਡਾਨੀ ਦਾ ਕਾਰੋਬਾਰੀ ਸਾਮਰਾਜ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਤੋਂ ਊਰਜਾ ਖੇਤਰ ਤੱਕ ਫ਼ੈਲਿਆ ਹੋਇਆ ਹੈ।
ਅਮਰੀਕੀ ਵਕੀਲਾਂ ਨੇ ਇਲਜ਼ਾਮ ਲਾਇਆ ਕਿ ਅਡਾਨੀ ਅਤੇ ਉਨ੍ਹਾਂ ਦੀ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਆਪਣੀ ਨਵਿਆਉਣਯੋਗ ਊਰਜਾ ਕੰਪਨੀ ਲਈ ਠੇਕੇ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਅਦਾਇਗੀ ਕਰਨ ਲਈ ਸਹਿਮਤ ਹੋਏ ਸਨ। ਇਸ ਠੇਕੇ ਤੋਂ ਕੰਪਨੀ ਨੂੰ ਆਉਣ ਵਾਲੇ 20 ਸਾਲਾਂ ਵਿੱਚ ਦੋ ਅਰਬ ਡਾਲਰ ਤੋਂ ਵੱਧ ਦਾ ਮੁਨਾਫ਼ਾ ਹੋਣ ਦੀ ਉਮੀਦ ਸੀ। ਅਡਾਨੀ ਸਮੂਹ ਨੇ ਹਾਲੇ ਤੱਕ ਇਸ ਮਾਮਲੇ ‘ਤੇ ਟਿੱਪਣੀ ਕਰਨ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ।
ਅਮਰੀਕਾ ’ਚ ਸ਼ੱਕ ਦੇ ਘੇਰੇ ਵਿੱਚ ਰਹੇ ਅਡਾਨੀ
ਅਡਾਨੀ ਗਰੁੱਪ 2023 ਤੋਂ ਅਮਰੀਕਾ ਵਿੱਚ ਸ਼ੱਕ ਦੇ ਘੇਰੇ ਵਿੱਚ ਹੈ। ਉਸ ਸਾਲ ਹਿੰਡਨਬਰਗ ਨਾਂ ਦੀ ਕੰਪਨੀ ਨੇ ਅਡਾਨੀ ‘ਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਸੀ। ਗੌਤਮ ਅਡਾਨੀ ਨੇ ਕੰਪਨੀ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ ਪਰ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਬੁਰੀ ਤਰ੍ਹਾਂ ਡਿੱਗੇ ਸਨ।
ਇਸ ਰਿਸ਼ਵਤਖੋਰੀ ਮਾਮਲੇ ਦੀ ਜਾਂਚ ਸਬੰਧੀ ਵੀ ਕਈ ਮਹੀਨਿਆਂ ਤੋਂ ਖ਼ਬਰਾਂ ਆ ਰਹੀਆਂ ਸਨ। ਸਰਕਾਰੀ ਵਕੀਲਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਸਾਲ 2022 ਵਿੱਚ ਹੀ ਸ਼ੁਰੂ ਕੀਤੀ ਗਈ ਸੀ।ਇਲਜ਼ਾਮ ਹੈ ਕਿ ਉਨ੍ਹਾਂ ਦੇ ਪ੍ਰਬੰਧਕਾਂ ਨੇ ਕਰਜ਼ੇ ਅਤੇ ਬਾਂਡਜ਼ ਦੇ ਰੂਪ ਵਿੱਚ ਤਿੰਨ ਅਰਬ ਡਾਲਰ ਇਕੱਠੇ ਕੀਤੇ। ਇਸ ਵਿੱਚ ਅਮਰੀਕੀ ਫਰਮਾਂ ਤੋਂ ਵੀ ਕੁਝ ਪੈਸਾ ਇਕੱਠਾ ਕੀਤਾ ਗਿਆ ਸੀ।
ਇਲਜ਼ਾਮ ਇਹ ਵੀ ਹੈ ਕਿ ਇਹ ਪੈਸਾ ਅਡਾਨੀ ਦੀ ਕੰਪਨੀ ਦੀ ਰਿਸ਼ਵਤਖੋਰੀ ਵਿਰੋਧੀ ਨੀਤੀਆਂ ਬਾਰੇ ਗੁੰਮਰਾਹਕੁੰਨ ਬਿਆਨਾਂ ਰਾਹੀਂ ਇਕੱਠਾ ਕੀਤਾ ਗਿਆ ਸੀ। ਅਮਰੀਕੀ ਅਟਾਰਨੀ ਬ੍ਰਿਯੋਨ ਪੀਸ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ, “ਜਿਵੇਂ ਕਿ ਕਥਿਤ ਤੌਰ ‘ਤੇ, ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਅਰਬਾਂ ਡਾਲਰਾਂ ਦੇ ਠੇਕੇ ਹਾਸਲ ਕਰਨ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਗੁਪਤ ਯੋਜਨਾ ਬਣਾਈ ਸੀ।“ਉਨ੍ਹਾਂ ਨੇ ਰਿਸ਼ਵਤ ਦੇ ਇਸ ਪਲਾਨ ਬਾਰੇ ਝੂਠ ਬੋਲਿਆ ਕਿਉਂਕਿ ਉਹ ਅਮਰੀਕੀ ਅਤੇ ਗਲੋਬਲ ਨਿਵੇਸ਼ਕਾਂ ਤੋਂ ਪੂੰਜੀ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।”
ਬ੍ਰਿਯੋਨ ਪੀਸ ਨੇ ਕਿਹਾ, “ਮੇਰਾ ਦਫ਼ਤਰ ਕੌਮਾਂਤਰੀ ਬਾਜ਼ਾਰ ਵਿੱਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ। “ਇਸ ਤੋਂ ਇਲਾਵਾ, ਨਿਵੇਸ਼ਕਾਂ ਨੂੰ ਉਨ੍ਹਾਂ ਲੋਕਾਂ ਤੋਂ ਸੁਰੱਖਿਅਤ ਰੱਖਣਾ ਪਵੇਗਾ, ਜੋ ਸਾਡੇ ਵਿੱਤੀ ਬਾਜ਼ਾਰਾਂ ਦੀ ਭਰੋਸੇਯੋਗਤਾ ਦੀ ਕੀਮਤ ‘ਤੇ ਆਪਣੇ ਆਪ ਨੂੰ ਅਮੀਰ ਬਣਾਉਣਾ ਚਾਹੁੰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਸ਼ਵਤਖੋਰੀ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਅਡਾਨੀ ਖ਼ੁਦ ਕਈ ਮੌਕਿਆਂ ‘ਤੇ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਸਨ।
ਸੱਤ ਹੋਰ ਲੋਕਾਂ ਸਿਰ ਵੀ ਇਲਜ਼ਾਮ
ਅਮਰੀਕੀ ਅਟਾਰਨੀ ਦਫ਼ਤਰ ਨੇ ਇਸ ਮਾਮਲੇ ‘ਚ ਜਿਨ੍ਹਾਂ ਲੋਕਾਂ ਖ਼ਿਲਾਫ ਇਲਜ਼ਾਮ ਲਗਾਏ ਹਨ, ਇਨ੍ਹਾਂ ‘ਚ ਗੌਤਮ ਅਡਾਨੀ ਤੋਂ ਇਲਾਵਾ ਸੱਤ ਹੋਰ ਲੋਕ ਹਨ। ਇਨ੍ਹਾਂ ਸੱਤ ਲੋਕਾਂ ਵਿੱਚ ਸਾਗਰ ਆਰ ਅਡਾਨੀ, ਵਿਨੀਤ ਐੱਸ ਜੈਨ, ਰਣਜੀਤ ਗੁਪਤਾ, ਰੁਪੇਸ਼ ਅਗਰਵਾਲ, ਦੀਪਕ ਮਲਹੋਤਰਾ, ਸੌਰਭ ਅਗਰਵਾਲ ਅਤੇ ਸਿਰਿਲ ਕੈਬਨੇਜ਼ ਸ਼ਾਮਲ ਹਨ। ਅਡਾਨੀ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ।
ਭਾਰਤ ਦੀਆਂ ਵਿਰੋਧੀ ਪਾਰਟੀਆਂ ਲੰਬੇ ਸਮੇਂ ਤੋਂ ਇਲਜ਼ਾਮ ਲਾਉਂਦੀਆਂ ਆ ਰਹੀਆਂ ਹਨ ਕਿ ਅਡਾਨੀ ਨੂੰ ਉਨ੍ਹਾਂ ਦੇ ਭਾਜਪਾ ਸਰਕਾਰ ਦੇ ਅਹੁਦੇਦਾਰਾਂ ਨਾਲ ਚੰਗੇ ਸਿਆਸੀ ਸਬੰਧਾਂ ਕਾਰਨ ਫ਼ਾਇਦਾ ਹੋ ਰਿਹਾ ਹੈ। ਹਾਲਾਂਕਿ ਅਡਾਨੀ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਰਹੇ ਹਨ। ਅਮਰੀਕਾ ਵਿੱਚ ਅਟਾਰਨੀ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਹੀ ਡੌਨਲਡ ਟਰੰਪ ਨੇ ਚੋਣ ਜਿੱਤੀ ਸੀ। ਟਰੰਪ ਨੇ ਅਮਰੀਕੀ ਨਿਆਂ ਵਿਭਾਗ ਵਿੱਚ ਅਹਿਮ ਬਦਲਾਅ ਕਰਨ ਦੀ ਗੱਲ ਕਹੀ ਹੈ। ਪਿਛਲੇ ਹਫ਼ਤੇ ਅਡਾਨੀ ਨੇ ਸੋਸ਼ਲ ਮੀਡੀਆ ‘ਤੇ ਟਰੰਪ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਸੀ ਅਤੇ ਅਮਰੀਕਾ ਵਿੱਚ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਸੀ।