ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਭਾਰਤੀ ਫੌਜ ਦੇ ਇੱਕ ਰਿਟਾਇਰਡ ਕਰਨਲ ਨਾਲ ਕਰੋੜਾਂ ਦੀ ਸਾਇਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਇਬਰ ਠੱਗਾਂ ਨੇ 82 ਸਾਲਾ ਸੇਵਾਮੁਕਤ ਭਾਰਤੀ ਫੌਜੀ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਤੋਂ 3.4 ਕਰੋੜ ਰੁਪਏ ਠੱਗ ਲਏ। ਠੱਗਾਂ ਨੇ ਖੁਦ ਨੂੰ ED ਦਾ ਕਰਮਚਾਰੀ ਦੱਸ ਕੇ ਉਨ੍ਹਾਂ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ। ਫੌਜ ਵਿੱਚੋਂ ਸੇਵਾਮੁਕਤ ਕਰਨਲ ਤੇ ਉਸ ਦੀ ਪਤਨੀ ਨੂੰ 10 ਦਿਨ ਡਿਜੀਟਲ ਅਰੈਸਟ ਕਰਕੇ ਰੱਖਿਆ ਗਿਆ। ਪੀੜਤ ਜੋੜੇ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਕਰਨਲ ਦਿਲੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ 18 ਮਾਰਚ ਨੂੰ ਇਕ ਅਣਜਾਣ ਨੰਬਰ ਤੋਂ ਵਟਸਐੱਪ (WhatsApp) ਉੱਤੇ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ED) ਦਾ ਕਰਮਚਾਰੀ ਦੱਸਿਆ ਅਤੇ ਬੋਲਿਆ ਉਹ 5,038 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਕਰ ਰਿਹਾ ਹੈ।
ਮਨੀ ਲਾਂਡਰਿੰਗ ਦੇ ਕੇਸ ਦਾ ਡਰਾਵਾ ਦੇ ਲੁੱਟੇ ਕਰੋੜਾਂ ਦੀ ਰਕਮ
ਫੋਨ ਕਰਨ ਵਾਲੇ ਨੇ ਕਰਨਲ ’ਤੇ ਮੁੰਬਈ ਦੇ ਕੇਨਰਾ ਬੈਂਕ ਦੇ ਇਕ ਖਾਤੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਕੇਸ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ, ਜਿਸ ਦੇ ਤਾਰ 5,038 ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜਦੇ ਹਨ। ਇਸ ਦੌਰਾਨ ਉਕਤ ਵਿਅਕਤੀ ਨੇ ਕਰਨਲ ਤੇ ਉਸ ਦੀ ਪਤਨੀ ਨੂੰ ਆਪਣੇ ਘਰ ਵਿੱਚ ਕੈਦ ਰਹਿਣ ਤੇ ਹਰ ਸਮੇਂ ਆਪਣੇ ਫੋਨ ਚਾਲੂ ਰੱਖਣ ਦੀ ਹਦਾਇਤ ਕੀਤੀ।
10 ਦਿਨਾਂ ਤੱਕ ਡਿਜੀਟਲ ਅਰੈਸਟ ਰੱਖਿਆ
ਇਸ ਤਰ੍ਹਾਂ ਮੁਲਜ਼ਮਾਂ ਨੇ ਦੋਵਾਂ ਨੂੰ 18 ਤੋਂ 27 ਮਾਰਚ ਤੱਕ 10 ਦਿਨਾਂ ਤੱਕ ਡਿਜੀਟਲ ਅਰੈਸਟ ਰੱਖਿਆ। ਇਸ ਦੌਰਾਨ ਧੋਖੇਬਾਜ਼ਾਂ ਨੇ ਉਨ੍ਹਾਂ ਦੇ ਬੈਂਕ ਖਾਤੇ ’ਚ ਪਏ 3.4 ਕਰੋੜ ਰੁਪਏ ਵੀ ਕੱਢਵਾ ਲਏ। ਇਸ ਬਾਰੇ ਕਰਨਲ ਦਿਲੀਪ ਸਿੰਘ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਅਤੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਦੋ ਪੁੱਤ ਪਹਿਲਾਂ ਗਵਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣੇ ਗੁਜ਼ਾਰੇ ਲਈ ਪੈਸੇ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਪੁਲਿਸ ਉਨ੍ਹਾਂ ਦੇ ਰੁਪਏ ਵਾਪਸ ਦਿਵਾਏ।