ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਸੁਖਾਨੰਦ ਵਿੱਚ ਬਣੇ ਬਹੁਤ ਪੁਰਾਣੇ ਡੇਰੇ ਦੀ ਕੰਧ ਢਾਹ ਕੇ ਬੀਤੀ ਰਾਤ ਵੱਖਰਾ ਰਸਤਾ ਬਣਾਉਣਾ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਦੇ ਆਪਣੇ ਪਿੰਡ ਸੁਖਾਨੰਦ ਵਿੱਚ ਬਣੇ ਸੰਤ ਬਾਬਾ ਵਡਭਾਗ ਸਿੰਘ ਜੀ ਦੇ ਨਾਮ ਚੱਲ ਰਹੇ ਡੇਰੇ ਦੀ ਬਾਬਾ ਕਮਲਜੀਤ ਸਿੰਘ ਸ਼ਾਸਤਰੀ ਵੱਲੋਂ ਬੀਤੀ ਰਾਤ ਨਵਾਂ ਗੇਟ ਲਗਾਉਣ ਲਈ ਕੰਧ ਢਾਹ ਦਿੱਤੀ ਗਈ। ਜਿਸ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕੀਤੀ ਗਈ, ਤੇ ਗੁਰੂ ਘਰ ਦੀ ਕੰਧ ਢਹਾਉਣ ਲਈ, ਵਿਧਾਇਕ ਅੰਮ੍ਰਿਤਪਾਲ ਸਿੰਘ ਤੇ ਪਿੰਡ ਦੇ ਸਰਪੰਚ ਨੂੰ ਜ਼ਿੰਮੇਵਾਰ ਠਰਾਇਆ ਗਿਆ। ਇਸ ਵਰਤਾਰੇ ਤੋਂ ਬਾਅਦ ਮਾਮਲਾ ਸਿਆਸੀ ਫਿਜ਼ਾ ਵਿੱਚ ਤਬਦੀਲ ਹੋ ਗਿਆ। ਉਸ ਜਗ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ, ਡੀਐਸਪੀ ਜਸਵਰਿੰਦਰ ਸਿੰਘ ਸਿੱਧੂ, ਡੀਐਸਪੀ ਪ੍ਰਤਾਪ ਸਿੰਘ, ਇੰਸਪੈਕਟਰ ਜਨਕ ਰਾਜ ਆਪਣੀ ਪਾਰਟੀ ਨਾਲ ਸਰਗਰਮ ਨਜ਼ਰ ਆਏ। ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਸਥਿਤੀ ਕਾਬੂ ਹੇਠ ਹੈ। ਦੋਨਾਂ ਪਾਸਿਆਂ ਤੋਂ ਪਿੰਡ ਦੇ ਲੋਕ ਡੇਰੇ ਵਿੱਚ ਹਾਜ਼ਰ ਸਨ। ਇਹ ਵੀ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਦੋਹਾਂ ਧਿਰਾਂ ਨੂੰ ਬਠਾਅ ਕੇ ਰਾਜ਼ੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।