ਮੁਹਾਲੀ ਦੀ ਅਦਾਲਤ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੱਤ ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ ਹੈ।
ਪੰਜਾਬ ਵਿਜੀਲੈਂਸ ਵਿਭਾਗ ਨੇ ਅੱਜ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਮਜੀਠੀਆ ਦੀ ਕੋਰਟ ਵਿਚ ਪੇਸ਼ੀ ਦੇ ਮੱਦੇਨਜ਼ਰ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਹਿਰਾਸਤ ਵਿਚ ਲੈਣ ਮਗਰੋਂ ਇੱਥੇ ਵਿਜੀਲੈਂਸ ਬਿਊਰੋ ਦੇ ਫੇਜ਼-8 ਵਿਚਲੇ ਮੁੱਖ ਦਫ਼ਤਰ ਵਿਖੇ ਲਿਆਂਦਾ ਗਿਆ ਸੀ। ਪੁੱਛ-ਗਿੱਛ ਕੀਤੇ ਜਾਣ ਤੋਂ ਬਾਅਦ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਦੱਸ ਦਈਏ ਕਿ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ’ਚ ਐੱਫਆਈਆਰ ਨੰਬਰ 22 ਤਹਿਤ ਕੱਲ੍ਹ ਤੜਕੇ 4 ਵਜ ਕੇ 40 ਮਿੰਟ ਉੱਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੀਬੀਐਕਟ 1988 ਅਤੇ ਅਮੈਂਡਮੈਂਟ ਐਕਟ 2018 ਦੇ ਸੈਕਸ਼ਨ 13(1) ਬੀ, ਰ/ਵ 13(2) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ।
ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਸ਼ਾਮ ਚਾਰ ਵਜ ਕੇ ਪੰਜ ਮਿੰਟ ਉੱਤੇ ਵਿਜੀਲੈਂਸ ਬਿਊਰੋ ਦੇ ਫੇਜ਼-8 ਵਿਚਲੇ ਮੁੱਖ ਦਫ਼ਤਰ ਵਿਖੇ ਲਿਆਂਦਾ ਗਿਆ। ਮਜੀਠੀਆ ਖ਼ਿਲਾਫ਼ 2021 ਵਿਚ ਦਰਜ ਐੱਫਆਈਆਰ ਦੀ ਸਿੱਟ ਅਤੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੇ ਆਧਾਰ ਉੱਤੇ ਤਾਜ਼ਾ ਕੇਸ ਦਰਜ ਕੀਤਾ ਗਿਆ ਹੈ। ਕੇਸ ਵਿਚ ਜਾਂਚ ਟੀਮ ਵੱਲੋਂ ਮਜੀਠੀਆ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਅਤੇ ਵੱਡੀ ਪੱਧਰ ਉਤੇ ਮਨੀ ਲਾਂਡਰਿੰਗ ਕਰਨ ਦਾ ਦਾਅਵਾ ਕੀਤਾ ਗਿਆ ਹੈ।