ਚੰਡੀਗੜ੍ਹ : – ਦਿੱਲੀ ਬੈਠੇ ਸਿਆਸੀ ਆਗੂਆਂ ਨੂੰ ਅਕਸਰ ਪੰਜਾਬ ਦੀ ਜ਼ਮੀਨੀ ਹਕੀਕਤ ਦੀ ਸਮਝ ਨਹੀਂ ਹੁੰਦੀ। ਪੰਜਾਬ ਨੂੰ ਸਮਝਣ ਦੀ ਬਜਾਏ ਉਹ ਇਸਦੇ ਖਿਲਾਫ਼ ਵਿਰਤਾਂਤ ਘੜਦੇ ਹਨ। ਜਿੱਥੇ ਪੰਜਾਬ ਨੂੰ ਕੱਟੜ ਜਾਂ ਦੇਸ਼ ਵਿਰੋਧੀ ਤਸਵੀਰ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾ ਕਿਹਾ ਕਿ ਅੱਜ ਅਜੇ ਮਾਕਨ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ “ਵੱਖਵਾਦੀ ਤਾਕਤਾਂ” ਕਹਿਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੀ ਆਪਣੇ ਸੂਬੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਹੁਣ ਵੱਖਵਾਦ ਮੰਨਿਆ ਜਾਵੇਗਾ?
ਕਾਂਗਰਸ ਦੀ ਐਸੀ ਸੋਚ ਪਹਿਲਾਂ ਵੀ ਪੰਜਾਬ ਨੂੰ ਨੁਕਸਾਨ ਪਹੁੰਚਾ ਚੁੱਕੀ ਹੈ। ਅੱਜ ਵੀ ਫਿਰ ਉਹੀ ਕੁਝ ਦੁਹਰਾਇਆ ਜਾ ਰਿਹਾ ਹੈ। ਇੱਕ ਪਾਸੇ ਪੁਰਾਣੇ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਪੰਜਾਬ ਖਿਲਾਫ਼ ਇਸ ਤਰ੍ਹਾਂ ਦੇ ਨਫ਼ਰਤੀ ਬਿਰਤਾਂਤ ਘੜਨ ਵਾਲੇ ਬਿਆਨ ਦਿੱਤੇ ਜਾਂਦੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਨੂੰ ਇਸ ਬਿਆਨ ‘ਤੇ ਤੁਰੰਤ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਕਿ ਕੀ ਉਹ ਅਜੇ ਮਾਕਨ ਦੇ ਬਿਆਨ ਨਾਲ ਸਹਿਮਤ ਹਨ ਜਾਂ ਇਸ ਦੇ ਵਿਰੁੱਧ। ਉਹਨਾਂ ਨੂੰ ਦਿੱਲੀ ਦੇ ਇਸ ਲੀਡਰ ਤੋਂ ਪੰਜਾਬ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਬਦਲੇ ਤੁਰੰਤ ਮੁਆਫ਼ੀ ਮੰਗਵਾਉਣੀ ਚਾਹੁੰਦੀ ਹੈ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
ਦਿੱਲੀ ਰਾਜਪੁਰਾ ਟਰੈਕ ਉਤੇ ਹੋਇਆ ਬੰਬ ਧਮਾਕਾ ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ-ਗਿਆਨੀ ਹਰਪ੍ਰੀਤ ਸਿੰਘ।
ਚੰਡੀਗੜ੍ਹ-: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸ਼ੰਭੂ ਨੇੜੇ ਦਿੱਲੀ-ਰਾਜਪੁਰਾ ਰੇਲਵੇ ਟ੍ਰੈਕ ‘ਤੇ ਕੱਲ੍ਹ ਰਾਤ ਹੋਏ ਬੰਬ ਧਮਾਕੇ ਦੀ ਘਟਨਾ ਗੰਭੀਰ ਖੁਫ਼ੀਆ ਅਸਫਲਤਾ ਨੂੰ ਦਰਸਾਉਂਦੀ ਹੈ। ਜਿਸ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਹ ਸਪੱਸ਼ਟ ਹੈ ਕਿ ਪਹਿਲਾਂ ਮਿਲੀਆਂ ਧਮਕੀਆਂ ਦੇ ਬਾਵਜੂਦ ਜੇਕਰ ਕੋਈ ਪ੍ਰਭਾਵਸ਼ਾਲੀ ਰੋਕਥਾਮ ਦੀ ਕਾਰਵਾਈ ਕੀਤੀ ਗਈ ਹੁੰਦੀ, ਤਾਂ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਪਰ ਇਸ ਤਰਾਂ ਦੀਆਂ ਘਟਨਾਵਾਂ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਮੌੜ ਮੰਡੀ ਬੰਬ ਧਮਾਕੇ ਵਿੱਚ ਸਾਜ਼ਿਸ਼ ਅਤੇ ਸਬੂਤਾਂ ਤੱਕ ਪਹੁੰਚਣ ਦੇ ਬਾਵਜੂਦ ਜਦੋਂ ਸਖ਼ਤ ਕਾਰਵਾਈ ਨਹੀਂ ਹੋਈ, ਤਾਂ ਅਜਿਹੀਆਂ ਤਾਕਤਾਂ ਦੇ ਹੌਂਸਲੇ ਵਧਣੇ ਸੁਭਾਵਿਕ ਹਨ। ਇਹ ਲਾਪਰਵਾਹੀ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਖ਼ਤਰੇ ਪੈਦਾ ਕਰ ਸਕਦੀ ਹੈ। ਕੇਂਦਰੀ ਏਜੰਸੀਆਂ ਅਤੇ ਪੰਜਾਬ ਸਰਕਾਰ, ਦੋਹਾਂ ਨੂੰ ਇਸ ਤਾਜ਼ਾ ਬੰਬ ਧਮਾਕੇ ਅਤੇ ਮੌੜ ਮੰਡੀ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਪੂਰੀ ਪਾਰਦਰਸ਼ਤਾ ਨਾਲ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਖੂਨੀ ਤਜਰਬੇ ਕਰਨ ਵਾਲੀਆਂ ਤਾਕਤਾਂ ਦੀ ਅਸਲ ਮੰਸ਼ਾ ਅਤੇ ਪਿੱਛੇ ਦੇ ਤੱਤਾਂ ਨੂੰ ਬੇਨਕਾਬ ਕਰਨਾ ਲਾਜ਼ਮੀ ਹੈ, ਤਾਂ ਜੋ ਲੋਕਾਂ ਵਿੱਚ ਸਰਕਾਰ ਦਾ ਭਰੋਸਾ ਬਣਿਆ ਰਹੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
PUNJAB




INDIA








WORLD










