ਪੰਜਾਬ ਦੇ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਆਪਣੇ ਕੁਝ ਪੰਚਾਇਤ ਮੈਂਬਰਾਂ ਸਮੇਤ ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ‘ਤੇ ਚੜ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦਾ ਸਰਪੰਚ ਜਗਜੀਵਨ ਸਿੰਘ ਸਮੇਤ ਤਿੰਨ ਪੰਚਾਇਤ ਮੈਂਬਰ ਹਰਜਿੰਦਰ ਸਿੰਘ, ਭਰਪੂਰ ਸਿੰਘ, ਗੁਰਚਰਨ ਸਿੰਘ ਆਪਣੇ ਪਿੰਡ ਟੈਂਕੀ ਉੱਪਰ ਚੜ ਗਏ ਹਨ।
ਸਰਪੰਚ ਜਗਜੀਵਨ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲਕਲਾਂ ਦਾ ਵਿਧਾਇਕ ਉਹਨਾਂ ਦੇ ਪਿੰਡ ਦੀ ਪੰਚਾਇਤ ਦੇ ਕੰਮਾਂ ਵਿੱਚ ਨਾਜਾਇਜ਼ ਦਖਲਅੰਦਾਜ਼ੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਇਕ ਨੇ ਸੱਤਾ ਦੇ ਜ਼ੋਰ ‘ਤੇ ਉਹਨਾਂ ਦੇ ਪਿੰਡ ਵਿੱਚ ਪਹਿਲਾਂ ਵੀ ਪ੍ਰਬੰਧਕ ਲਗਵਾ ਦਿੱਤਾ, ਜਿਸ ਨੂੰ ਹਾਈਕੋਰਟ ਵਿੱਚ ਚੈਲੇਂਜ ਕਰਕੇ ਸਟੇਅ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਫਿਰ ਪਿੰਡ ਵਿੱਚ ਪ੍ਰਬੰਧਕ ਲਗਾ ਦਿੱਤਾ ਗਿਆ ਹੈ ਜਦਕਿ ਉਹ ਸਾਰੇ ਪਿੰਡ ਦੀ ਸਹਿਮਤੀ ਨਾਲ ਪਿੰਡ ਦੇ ਕੰਮ ਕਰ ਰਹੇ ਹਨ ਅਤੇ ਪਿੰਡ ਵਿੱਚ ਉਹਨਾਂ ਦੀ ਪੰਚਾਇਤ ਨਾਲ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ।
ਉਹਨਾਂ ਇਹ ਵੀ ਕਿਹਾ ਕਿ ਵਿਧਾਇਕ ਪ੍ਰਬੰਧਕ ਦੇ ਜ਼ਰੀਏ ਪਿੰਡ ਵਿੱਚ ਕੰਮਾਂ ਦੀ ਵਾਗਡੋਰ ਆਪਣੇ ਹੱਥ ਵਿੱਚ ਰੱਖਣਾ ਚਾਹੁੰਦਾ ਹੈ। ਸਰਪੰਚ ਨੇ ਕਿਹਾ ਕਿ ਜਦੋਂ ਤੱਕ ਪਿੰਡ ਵਿੱਚ ਲੱਗਿਆ ਪ੍ਰਬੰਧਕ ਨਹੀਂ ਹਟਾਇਆ ਜਾਂਦਾ, ਉਹ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਅਤੇ ਪੁਲੀਸ ਅਧਿਕਾਰੀ ਮੌਕੇ ‘ਤੇ ਪੁੱਜੇ ਹੋਏ ਹਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਿੰਡ ਦੇ ਕੁਝ ਪੰਚਾਇਤ ਮੈਂਬਰਾਂ ਨੇ ਸਾਂਝੀਆਂ ਥਾਵਾਂ ‘ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਸਰਪੰਚ ਨੇ ਕਿਹਾ ਕਿ ਉਹ ਨਜਾਇਜ਼ ਕਬਜ਼ੇ ਛਡਵਾਉਣਾ ਚਾਹੁੰਦਾ ਹੈ ਪਰ ਉਸ ਦੇ ਇਸ ਕੰਮ ਵਿੱਚ ਵੀ ਦਖਲ ਅੰਦਾਜ਼ੀ ਕੀਤੀ ਜਾ ਰਹੀ। ਪਿੰਡ ਦੇ ਮੌਜੂਦਾ ਸਰਪੰਚ ਦੇ ਪਾਣੀ ਵਾਲੀ ਟੈਂਕੀ ‘ਤੇ ਚੜਨ ਕਰਕੇ ਪਿੰਡ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
PUNJAB




INDIA








WORLD










