ਚੰਡੀਗੜ੍ਹ :- ਕੈਪਟਨ ਅਮਰਿੰਦਰ ਸਿੰਘ ਦੇ ਇੱਕ ਤੋਂ ਬਾਅਦ ਇੱਕ ਸਾਥੀ ਨਰਾਜ਼ ਹੁੰਦੇ ਜਾ ਰਹੇ ਹਨ, ਸੂਤਰਾਂ ਮੁਤਾਬਕ ਪੰਜਾਬ ਦੇ ਟੈਕਨੀਕਲ ਐਜੂਕੇਸ਼ਨ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਤੋਂ ਖਫ਼ਾ ਹਨ, ਇਸੇ ਕਾਰਨ 28 ਅਪ੍ਰੈਲ ਦੀ ਕੈਬਨਿਟ ਮੀਟਿੰਗ ‘ਚ ਵੀ ਸ਼ਾਮਲ ਨਹੀਂ ਹੋਏ, ਚੰਨੀ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਵੀ ਨਰਾਜ਼ਗੀ ਕਾਰਨ ਕੱਲ ਕੈਬਨਿਟ ਮੀਟਿੰਗ ਦਾ ਹਿੱਸਾ ਨਹੀਂ ਬਣੇ ਸਨ।
ਦਰਅਸਲ ਚਰਨਜੀਤ ਚੰਨੀ ਦੀ ਨਰਾਜ਼ਗੀ ਦਾ ਕਾਰਨ ਵੀ ਰੰਧਾਵਾ ਤੇ ਜਾਖੜ ਵਾਲਾ ਹੀ ਹੈ, ਸੂਤਰਾਂ ਮੁਤਾਬਕ 26 ਅਪ੍ਰੈਲ ਦੀ ਕੈਬਨਿਟ ਮੀਟਿੰਗ ‘ਚ ਇਕੱਲੇ ਰੰਧਾਵਾ ਤੇ ਜਾਖੜ ਦੀ ਹੀ ਤਲਖੀ ਨਹੀਂ ਹੋਈ, ਸਗੋਂ ਚਰਨਜੀਤ ਚੰਨੀ ਵੀ ਉਸ ਪੂਰੇ ਘਟਨਾਕ੍ਰਮ ਦਾ ਹਿੱਸਾ ਸਨ, ਸੂਤਰਾਂ ਮੁਤਾਬਕ ਜਦੋਂ ਰੰਧਾਵਾ ਤੇ ਜਾਖੜ ਨੇ ਆਪਣਾ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਤਾਂ ਉਸੇ ਦੌਰਾਨ ਮੰਤਰੀ ਚਰਨਜੀਤ ਚੰਨੀ ਵੀ ਉੱਠ ਕੇ ਖੁੱਲੀ ਅਵਾਜ਼ ‘ਚ ਬੋਲੇ ਸਨ, ਚੰਨੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਕੈਪਟਨ ਸਾਹਿਬ ਜੇਕਰ ਤੁਹਾਨੂੰ ਸਾਡੇ ‘ਤੇ ਭਰੋਸਾ ਹੀ ਨਹੀਂ ਤਾਂ ਕੈਬਨਿਟ ‘ਚੋਂ ਬਾਹਰ ਕੱਢ ਦਿਓ ਤੇ ਆਪਣੀ ਪਸੰਦ ਦੇ ਲੋਕਾਂ ਨੂੰ ਹੀ ਨਾਲ ਰੱਖੋ। ਹਾਲਾਂਕਿ ਚੰਨੀ ਦੀ ਨੌਬਤ ਅਸਤੀਫ਼ਾ ਦੇਣ ਵਾਲੇ ਘਟਨਾਕ੍ਰਮ ਤੱਕ ਨਹੀਂ ਪਹੁੰਚੀ, ਪਰ ਉਨ੍ਹਾਂ ਆਪਣੀ ਨਰਾਜ਼ਗੀ ਦਾ ਸਬੂਤ ਕੱਲ ਦੀ ਕੈਪਟਨ ਕੈਬਨਿਟ ਮੀਟਿੰਗ ਤੋਂ ਵੱਖ ਰਹਿ ਕੇ ਦੇ ਦਿੱਤਾ।
ਸੂਤਰਾਂ ਦੀ ਮੰਨੀਏ ਤਾਂ ਗੱਲ ਸਿਰਫ਼ ਚੰਨੀ ਤੇ ਰੰਧਾਵਾ ਦੀ ਨਾਰਾਜ਼ਗੀ ਦੀ ਹੀ ਨਹੀਂ, ਮੁੱਖ ਮੰਤਰੀ ਨੂੰ ਆਪਣੇ ਹੋਰ ਮੰਤਰੀ ਤੇ ਕਈ ਵਿਧਾਇਕਾਂ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਬੁਲਾਈ ਮੀਟਿੰਗ ਦੌਰਾਨ ਕਈ ਵਿਧਾਇਕਾਂ ਨੇ ਵੀ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ‘ਚ ਜਾਂਚ ਤੇ ਇਨਸਾਫ਼ ਨਾ ਮਿਲਣ ਦੇ ਮੁੱਦੇ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ, ਸੂਤਰਾਂ ਮੁਤਾਬਕ ਇਥੋਂ ਤੱਕ ਕਿਹਾ ਗਿਆ ਕਿ ਅੱਜ ਸਾਡੇ ਕੋਲ ਲੋਕਾਂ ਨੂੰ ਇਸ ਮਾਮਲੇ ਤੇ ਦੇਣ ਲਈ ਜਵਾਬ ਨਹੀਂ ਹਨ, ਅਗਰ ਇਹੀ ਹਾਲਾਤ ਰਹੇ ਤਾਂ 2022 ਦਾ ਟੀਚਾ ਅਸਾਨ ਨਹੀਂ ਹੋਵੇਗਾ।
ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਆਪਣੇ ਸੀਨੀਅਰ ਮੰਤਰੀਆਂ ਦੀ ਨਾਰਾਜ਼ਗੀ ਕਿਵੇਂ ਦੂਰ ਕਰਨਗੇ? ਕੈਪਟਨ ਲਈ ਚੋਣ ਵਰੇ ਦੌਰਾਨ ਅਜਿਹੀਆਂ ਅੰਦਰੂਨੀ ਮੁਸ਼ਕਲਾਂ ਚਣੌਤੀ ਦੇਣ ਵਾਲੀਆਂ ਹਨ।
PUNJAB




INDIA








WORLD









