ਤਪਾ ਮੰਡੀ : ਪੰਜਾਬ ‘ਚ ਕੋਰੋਨਾ ਵਾਇਰਸਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਜਿਥੇ ਪਹਿਲੀ ਲਹਿਰ ਦੌਰਾਨ ਪਿੰਡਾਂ ’ਚ ਕੋਰੋਨਾ ਦਾ ਪ੍ਰਕੋਪ ਘੱਟ ਸੀ ਪਰ ਇਸ ਦੂਜੀ ਲਹਿਰ ਦੌਰਾਨ ਇਹ ਪਿੰਡਾਂ ਵਿੱਚ ਵੀ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ , ਜਿੱਥੇ ਸਿਹਤ ਸੇਵਾਵਾਂ ਪਹਿਲਾਂ ਤੋਂ ਹੀ ਬਦਹਾਲ ਹਨ। ਜਿਸ ਕਰਕੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ ਹੈ।
ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਮੰਡੀ ਵਿਖੇ ਇੱਕ ਘਰ ਦੇ ਅੰਦਰ ਮੌਤਾਂ ਦਾ ਤਾਂਡਵ ਹੋਇਆ ਹੈ। ਜਿੱਥੇ ਚਾਰ ਦਿਨ ਪਹਿਲਾਂ ਇੱਕ ਸੇਵਾਮੁਕਤ ਮਹਿਲਾ ਅਧਿਆਪਕ ਦੀ ਕੋਰੋਨਾ ਦੇ ਲੱਛਣ ਹੋਣ ਕਾਰਨ ਮੌਤ ਹੋ ਗਈ ਤਾਂ ਅਗਲੀ ਸਵੇਰ ਉਸ ਦੇ ਨੌਜਵਾਨ ਪੁੱਤਰ ਵੀ ਮੌਤ ਹੋ ਗਈ ਪਰ ਹੁਣ ਉਸਦੇ ਪਤੀ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਮਹਿਲਾ ਅਧਿਆਪਕ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਲਗਭਗ 30 ਲੋਕਾਂ ਦੇ ਸੈਂਪਲ ਲਏ ਗਏ ਜੋ ਕਿ ਨੈਗੇਟਿਵ ਪਾਏ ਗਏ ਅਤੇ ਮ੍ਰਿਤਕ ਅਧਿਆਪਕ ਇੱਕ ਹੋਰ ਨੌਜਵਾਨ ਪੁੱਤਰ ਵੀ ਨੈਗੇਟਿਵ ਪਾਇਆ ਗਿਆ ਪਰ ਉਸ ਦਾ ਪਤੀ ਸੇਵਾਮੁਕਤ ਬਿਜਲੀ ਵਿਭਾਗ ਦਾ ਜੇਈ ਸੁਰੇਸ਼ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।
ਜਿਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ। ਪਰ ਅੱਜ ਉਸ ਦੀ ਵੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਪਟਿਆਲਾ ਵਿਖੇ ਸੰਸਕਾਰ ਕਰ ਦਿੱਤਾ। ਇਸ ਪਰਿਵਾਰ ਦੀਆਂ ਤਿੰਨ ਮੌਤਾਂ ਕਾਰਨ ਇਸ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰ ਦਾ ਇਕੋ-ਇੱਕ ਨੌਜਵਾਨ ਘਰ ’ਚ ਇਕੱਲਾ ਹੀ ਰਹਿ ਗਿਆ ਹੈ, ਜਿਹੜਾ ਕਿ ਸਦਮੇ ’ਚ ਹੈ।