ਕਰਨਾਲ ਦੇ ਟੋਲ ਪਲਾਜ਼ਾ ਨੇੜੇ ਪੁਲਿਸ ਵੱਲੋਂ ਕਿਸਾਨਾਂ ਉਪਰ ਕੀਤੇ ਲਾਠੀਚਾਰਜ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਿਚ ਰੋਹ ਭਖ ਗਿਆ ਹੈ। ਸੁੰਯਕਤ ਕਿਸਾਨ ਮੋਰਚਾ ਵਲੋਂ ਇਸ ਮਸਲੇ ਉਤੇ ਪੰਜਾਬ ਅਤੇ ਹਰਿਆਣਾ ਵਿਚ ਅੱਜ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਸੜਕਾਂ ਜਾਮ ਰੱਖਣ ਦਾ ਐਲਾਨ ਕੀਤਾ ਹੈ। ਵੱਖ ਵੱਖ ਜਥੇਬੰਦੀਆਂ ਨੇ ਆਪੋ-ਆਪਣੀਆਂ ਬਲਾਕ ਇਕਾਈਆਂ ਨੂੰ ਰਾਜ ਭਰ ਵਿਚ 12 ਵਜੇ ਤੋਂ ਲੈਕੇ 2 ਵਜੇ ਤੱਕ ਸੜਕਾਂ ਜਾਮ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ, ਜਿਸ ਅਨੁਸਾਰ ਕਿਸਾਨ ਆਗੂਆਂ ਨੇ ਵਰਕਰਾਂ ਦੀ ਲਾਮਬੰਦੀ ਕਰਕੇ ਜਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦਈਏ ਕਿ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਕਿਸਾਨ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਕੱਲ੍ਹ ਵੀ ਲਾਠੀਚਾਰਜ ਤੋਂ ਨਾਰਾਜ਼ ਹੋਏ ਕਿਸਾਨਾਂ ਨੇ ਸੂਬੇ ਦੇ ਸਾਰੇ ਕੌਮੀ ਮਾਰਗ ਤੇ ਟੌਲ ਪਲਾਜ਼ੇ ਜਾਮ ਕਰ ਦਿੱਤੇ ਸਨ। ਇਸ ਕਾਰਨ ਜੀਂਦ-ਪਟਿਆਲਾ, ਅੰਬਾਲਾ-ਕੁਰੂਕਸ਼ੇਤਰ, ਕਰਨਾਲ ਨੇੜੇ ਦਿੱਲੀ ਮਾਰਗ, ਹਿਸਾਰ-ਚੰਡੀਗੜ੍ਹ, ਕਾਲਕਾ-ਜ਼ੀਰਕਪੁਰ, ਫਤਿਆਬਾਦ-ਚੰਡੀਗੜ੍ਹ, ਗੋਹਾਣਾ-ਪਾਣੀਪਤ ਅਤੇ ਹੋਰ ਕਈ ਮੁੱਖ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਦੱਸਣਯੋਗ ਹੈ ਕਿ ਹਰਿਆਣਾ ਭਾਜਪਾ ਨੇ ਕਰਨਾਲ ਵਿੱਚ ਸੂਬਾ ਪੱਧਰੀ ਮੀਟਿੰਗ ਰੱਖੀ ਸੀ। ਇਸ ਵਿੱਚ ਮੁੱਖ ਮੰਤਰੀ, ਭਾਜਪਾ ਪ੍ਰਧਾਨ ਓਪੀ ਧਨਖੜ ਸਣੇ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਪਹੁੰਚਣਾ ਸੀ। ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਭਾਜਪਾ ਦੀ ਮੀਟਿੰਗ 11 ਵਜੇ ਸ਼ੁਰੂ ਹੋਈ ਤੇ ਬਾਅਦ ਦੁਪਹਿਰ 3 ਵਜੇ ਖ਼ਤਮ ਹੋਈ। ਇਸ ਦੌਰਾਨ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਕਿ ਕਿਸਾਨਾਂ ਨੂੰ ਕਰਨਾਲ ਸ਼ਹਿਰ ਤੋਂ ਦੂਰ ਰੱਖਿਆ ਜਾ ਸਕੇ। ਕਿਸਾਨ ਜਥੇਬੰਦੀਆਂ ਦੇ ਆਗੂ ਸਵੇਰ ਤੋਂ ਹੀ ਬਸਤਾੜਾ ਟੌਲ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਹ ਟੌਲ ਪਲਾਜ਼ਾ ਕਰਨਾਲ ਤੋਂ 15 ਕਿਲੋਮੀਟਰ ਦੂਰ ਹੈ।
PUNJAB




INDIA








WORLD










