ਬਾਘਾਪੁਰਾਣਾ 2 ਸਤੰਬਰ (ਪ.ਪ.) : ਪੰਜਾਬ ਵਿਚ ਰਿਸ਼ਵਤ ਦਾ ਵਧਦਾ ਬੋਲਬਾਲਾ ਕਿਤੇ ਨਾ ਕਿਤੇ ਅਮੀਰ ਤੇ ਗਰੀਬ ਵਿਅਕਤੀ ਦੀ ਜੇਬ੍ਹ ਨੂੰ ਸਰਕਾਰੀ ਡਾਕੇ ਦੇ ਰੂਪ ਵਿਚ ਚੂਸਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਥਾਣਾ ਬਾਘਾਪੁਰਾਣਾ ਵਿਚ ਜਿਥੇ ਤਾਇਨਾਤ ਨੌਜਵਾਨ ਐਸ.ਆਈ. ਜਗਨਦੀਪ ਸਿੰਘ ਇਕ ਚਿੱਟੇ ਦੇ ਕੇਸ ਵਿਚ ਫੜੇ ਗਏ ਆਰੋਪੀ ਦੇ ਪਰਿਵਾਰ ਤੋਂ ਪਰਚਾ ਛੋਟਾ ਕਰਨ ਦੇ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਦੌਰਾਨ ਉਕਤ ਪਰਿਵਾਰ ਨੇ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਨਾਲ ਸੰਪਰਕ ਕੀਤਾ। ਉਨ੍ਹਾਂ ਪੂਰੀ ਪਲੈਨਿੰਗ ਤਹਿਤ ਉਕਤ ਐਸ.ਆਈ. ਨੂੰ ਤਹਿ ਕੀਤੀ 20ਹਜ਼ਾਰ ਰੁਪਏ ਦੀ ਰਾਸ਼ੀ ਦਿਤੀ ਜਿਸ ਦੌਰਾਨ ਮੀਡੀਆ ਅਗੇ ਉਕਤ ਵਿਅਕਤੀ ਨੂੰ ਦਿਤੇ ਹੋਏ ਪੈਸੇ ਉਸ ਪਾਸੋਂ ਬਰਾਮਦ ਕਰਕੇ ਸਾਰੇ ਪੈਸਿਆਂ ਦੇ ਨੰਬਰ ਵੀ ਮੈਚ ਕੀਤੇ ਗਏ। ਮੀਡੀਆ ਅਗੇ ਉਕਤ ਮੁਲਾਜਮ ਨੇ ਕਬੂਲ ਵੀ ਕੀਤਾ ਕਿ ਉਸ ਦੁਆਰਾ ਪੈਸੇ ਲਾਏ ਗਏ ਹਨ। ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਦੁਆਰਾ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਸਿਮਰਜੀਤ ਸਿੰਘ ਬੈਂਸ ਪਹਿਲੇ ਦਿਨੋਂ ਹੀ ਅਜਿਹੇ ਕੰਮਾਂ ਦੇ ਖਿਲਾਫ ਮੁਹਿੰਮ ਚਲਾ ਰਹੇ ਹਨ ਜਿਸ ਲੜੀ ਤਹਿਤ ਹੀ ਪੁਲਿਸ ਦੁਆਰਾ ਕੀਤੇ ਜਾਂਦੇ ਗੋਰਖਧੰਦੇ ਨੂੰ ਅੱਜ ਲੋਕਾਂ ਸਾਹਮਣੇ ਨੰਗਾ ਕੀਤਾ ਗਿਆ ਹੈ।