ਮੋਗਾ: – ਸੁਖਬੀਰ ਸਿੰਘ ਬਾਦਲ ਦਾ ਵਿਰੋਧ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ ਤੇ ਅੱਜ ਮੋਗਾ ਵਿੱਚ ਰੱਖੀ ਗਈ ਰੈਲੀ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਸੁਖਬੀਰ ਬਾਦਲ ਦਾ ਡਟਵਾਂ ਵਿਰੋਧ ਕੀਤਾ ਗਿਆ ਜਿਸ ਦੌਰਾਨ ਕਿਸਾਨ ਯੂਨੀਅਨ ਅਤੇ ਪੁਲਿਸ ਵਿਚਕਾਰ ਕਾਫੀ ਝੜਪਾਂ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਇਹ ਰੈਲੀ ਬਰਜਿੰਦਰ ਸਿੰਘ ਮੱਖਣ ਬਰਾੜ ਦੁਆਰਾ ਰੱਖੀ ਗਈ ਸੀ ਤੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ। ਹਾਸਲ ਜਾਣਕਾਰੀ ਮੁਤਾਬਕ ਜਦੋਂ ਕਿਸਾਨਾਂ ਨੇ ਰੈਲੀ ਵਾਲੀ ਥਾਂ ‘ਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋਈ। ਦੱਸ ਦਈਏ ਕਿ ਸੂਬੇ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ ਜਿਸ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਪਾਰਟੀਆਂ ਆਪਣੀ ਤਾਕਤ ਦਿਖਾਉਣ ‘ਚ ਲੱਗ ਗਈਆਂ ਹਨ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ ਜਿਸ ਕਰਕੇ ਹਰਿਆਣਾ ਤੇ ਪੰਜਾਬ ‘ਚ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਕਿਸਾਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਸਾਰੀਆਂ ਧਿਰਾਂ ਵਿਰੁੱਧ ਪੋਸਟਰ ਜੰਗ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਾਹਨੇਵਾਲ ਹਲਕੇ ਤੋਂ ਉਮੀਦਵਾਰ ਦਾ ਐਲਾਨ ਕਰਨ ਮੌਕੇ ਵੀ ਉਥੇ ਹੀ ਕਿਸਾਨਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਡਟ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਅਕਾਲੀ ਵਰਕਰ ਅਤੇ ਕਿਸਾਨ ਆਹਮੋ ਸਾਹਮਣੇ ਹੋਏ ਅਤੇ ਸੁਖਬੀਰ ਬਾਦਲ ਨੇ ਸਟੇਜ ਤੋਂ ਕਿਹਾ ਕਿ ਇਹ ਜੋ ਕੁਝ ਕੁ ਲੋਕ ਇਕੱਠੇ ਹੋ ਰਹੇ ਹਨ ਇਹ ਕਿਸਾਨ ਨਹੀਂ ਸਗੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਹਨ।ਨਾਲ ਹੀ ਸੁਖਬੀਰ ਬਾਦਲ ਦੀ ਪੰਜਾਬ ਯਾਤਰਾ ਦੌਰਾਨ ਪਹਿਲੇ ਦਿਨ ਹੀ ਉਨ੍ਹਾਂ ਨੂੰ ਜ਼ੀਰਾ ਤੋਂ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਆਪਣੀ ਇਸ ਯਾਤਰਾ ਦੀ ਸ਼ੁਰੂਆਤ ਕਰਨੀ ਪਈ ਸੀ ਤੇ ਬਾਅਦ ਵਿਚ ਬਾਘਾਪੁਰਾਣਾ ਵਿਖੇ ਵੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਝੜਪ ਦੌਰਾਨ ਕੁਝ ਪੱਤਰਕਾਰਾਂ ਅਤੇ ਪੁਲਿਸ ਕਰਮੀਆਂ ਦੇ ਜਖਮੀ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿਚ ਉਘੇ ਪੱਤਰਕਾਰ ਜਗਤਾਰ ਵੈਰੋਕੇ ਵੀ ਸ਼ਾਮਿਲ ਹਨ। ਇਸ ਮੌਕੇ ਪੱਥਰਾਂ , ਰੋੜਿਆ ਅਤੇ ਲਾਠੀਆਂ ਦੀ ਖੂਬ ਵਰਤੋਂ ਹੁੰਦੀ ਦਿਖਾਈ ਦਿੱਤੀ, ਜਿਸ ਕਰਕੇ ਜਿਥੇ ਕਈ ਲੋਕਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਗੱਡੀਆਂ ਵੀ ਟੁੱਟ ਗਈਆਂ।
PUNJAB




INDIA








WORLD










