ਬੇਅਦਬੀ ਅਤੇ ਗੋਲੀ ਕਾਂਡ ਮਸਲੇ ਤੇ ਪੰਜਾਬ ਵਿਚ ਸਿਆਸਤ ਬਹੁਤ ਭਖ ਚੁੱਕੀ ਹੈ ਤੇ ਇਸ ਕਰਕੇ ਪੰਜਾਬ ਕਾਂਗਰਸ ਵਿੱਚ ਵੀ ਵੱਡਾ ਭੁਚਾਲ ਆਇਆ ਜਾਪਦਾ ਹੈ।ਜਿਸਤੋਂ ਬਾਅਦ ਕੈਪਟਨ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਕੈਪਟਨ ਦੀਆਂ ਹਦਾਇਤਾਂ ਉੱਪਰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰਨ ਲਈ ਡੀਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਦੀ ਰਫਤਾਰ ਵਧਾ ਦਿੱਤੀ ਹੈ। ਐਤਵਾਰ ਨੂੰ ਸਿੱਟ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਨ ਤੇ ਇਸ ਸਬੰਧੀ ਦੱਸਿਆ ਹੈ ਕਿ ਇੱਕ ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਕਾਂਡ ਵਿੱਚ ਛੇ ਵਿਅਕਤੀਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੇ ਵਿਅਕਤੀ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਨ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਵਿਅਕਤੀਆਂ ਉੱਪਰ ਇਲਜ਼ਾਮ ਹੈ ਕਿ ਉਨ੍ਹਾਂ ਨੇ 12 ਅਕਤੂਬਰ, 2015 ਦੀ ਰਾਤ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਖਿਲਾਰ ਦਿੱਤੇ ਸਨ। ਇਸ ਤੋਂ ਪਹਿਲਾਂ 24 ਸਤੰਬਰ, 2015 ਨੂੰ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਗਏ ਸਨ ਤੇ ਦਾਅਵਾ ਕੀਤਾ ਗਿਆ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਹਿਲੀ ਜੂਨ ਨੂੰ ਚੋਰੀ ਹੋਇਆ ਸਰੂਪ ਉਨ੍ਹਾਂ ਦੇ ਕਬਜ਼ੇ ਵਿੱਚ ਹੈ।
ਹੁਣ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਬਰਗਾੜੀ ਵਿੱਚ ਬੇਅਦਬੀ ਦੇ ਦੋਵੇਂ ਮਾਮਲੇ ਸੁਲਝਾ ਲਏ ਗਏ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਪੜਤਾਲ ਪਹਿਲਾਂ ਡੀਆਈਜੀ ਰਣਬੀਰ ਸਿੰਘ ਖਟੜਾ ਕਰ ਰਹੇ ਸਨ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮਗਰੋਂ 4 ਜਨਵਰੀ ਨੂੰ ਪੰਜਾਬ ਸਰਕਾਰ ਨੇ ਨਵੀਂ ਜਾਂਚ ਟੀਮ ਗਠਿਤ ਕਰ ਦਿੱਤੀ ਸੀ। ਐਸਪੀਐਸ ਪਰਮਾਰ ਨੂੰ ਨਵੀਂ ਜਾਂਚ ਟੀਮ ਦਾ ਮੁਖੀ ਥਾਪਿਆ ਗਿਆ ਸੀ।
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਲਈ ਵੀ ਨਵੀਂ ਐਸ ਆਈ ਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਤਿੰਨ ਮੈਂਬਰੀ ਐੱਸ.ਆਈ.ਟੀ. ਨੌਨਿਹਾਲ ਸਿੰਘ ਆਈ ਜੀ ਪੀ ਲੁਧਿਆਣਾ ਦੀ ਅਗਵਾਈ ਹੇਠ ਹੋਵੇਗੀ . ਇਸ ਦੇ ਬਾਕੀ ਦੋ ਮੈਂਬਰਾਂ ਵਿਚ ਐਸ ਐਸ ਪੀ ਮੋਹਾਲੀ ਸਤਿੰਦਰ ਸਿੰਘ ਤੇ ਫ਼ਰੀਦਕੋਟ ਦੇ ਐਸ ਐਸ ਪੀ ਸਵਰਨਦੀਪ ਸਿੰਘ ਸ਼ਾਮਲ ਹਨ। ਇਹ ਕਾਰਵਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਲੰਟੀਅਰ ਰਿਟਾਇਰਮੈਂਟ ਲਏ ਜਾਣ ਕਰਕੇ ਕੀਤੀ ਗਈ ਹੈ.
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਵੀ ਨਵੀ ਐਸ.ਆਈ.ਟੀ. ਬਣਾਈ ਗਈ ਹੈ।
PUNJAB




INDIA








WORLD










