ਭਾਰਤ ਮੋਹਾਲੀ ਦੇ ਵਸਨੀਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨਮਨਵੀਰ ਸਿੰਘ ਬਰਾੜ ਨੇ ਅੱਜ ਸਵੇਰੇ ਸੈਕਟਰ 71 ਸਥਿਤ ਆਪਣੇ ਘਰ ਵਿੱਚ ਕਥਿਤ ਤੌਰ ‘ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਟ੍ਰੈਪ ਸ਼ੂਟਰ ਬਰਾੜ ਇਸ ਸਾਲ ਮਾਰਚ ਵਿੱਚ ਦਿੱਲੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਘੱਟੋ ਘੱਟ ਯੋਗਤਾ ਅੰਕ (ਐਮਕਿਊਐਸ) ਸ਼੍ਰੇਣੀ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ। 2015 ਵਿੱਚ, ਉਸਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਡਬਲ-ਟ੍ਰੈਪ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਦੱਸ ਦੇਈਏ ਕਿ ਨਮਨਵੀਰ ਬਰਾੜ ਆਪਣੇ ਪਰਿਵਾਰ ਨਾਲ ਮੁਹਾਲੀ ਦੇ ਸੈਕਟਰ -71 ਦੇ ਮਕਾਨ ਨੰਬਰ -1097 ਵਿੱਚ ਰਹਿ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ’ ਚ ਜੁੱਟ ਗਈ ਹੈ।
ਅਜੇ ਪਰਿਵਾਰ ਵਾਲਿਆਂ ਦਾ ਇਹੀ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਸੰਬੰਧੀ ਕਿਸੇ ‘ਤੇ ਕੋਈ ਸ਼ੱਕ ਨਹੀਂ ਹੈ ਪਰ ਅਸਲ ਗੱਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਇਸ ਸ਼ੂਟਰ ਨੇ ਖ਼ੁਦਕੁਸ਼ੀ ਕਿਉਂ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਮਨਵੀਰ ਸਿੰਘ 28 ਸਾਲ ਦਾ ਸੀ ਅਤੇ ਉਹ ਮੋਹਾਲੀ ਦੇ ਸੈਕਟਰ-71 ਵਿਚ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਰਹਿ ਰਿਹਾ ਸੀ। ਉਸ ਦੀ ਪਤਨੀ ਗਰਭਵਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਪਲਿਸ ਕਪਤਾਨ, ਮੋਹਾਲੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਨਮਨਵੀਰ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਨਮਨਵੀਰ ਸਿੰਘ ਬਰਾੜ ਕਈ ਰਾਸ਼ਟਰੀ ਇਨਾਮ ਜਿੱਤ ਚੁੱਕਿਆ ਹੈ।