ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਲੋੜ ਅਨੁਸਾਰ ਹੀ ਸੁਰੱਖਿਆ ਲੈਣ ਲਈ ਸਾਰੇ ਮੰਤਰੀ ਮੰਡਲ ਨੂੰ ਅਪੀਲ ਵੀ ਕੀਤੀ ਹੈ ਤੇ ਆਪਣੀ ਸੁਰੱਖਿਆ ਘਟਾਉਣ ਵਾਸਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੱਤਰ ਲਿਖਿਆ ਹੈ । ਮੁੱਖ ਮੰਤਰੀ ਨੇ ਜਾਰੀ ਕੀਤੇ ਆਪਣੇ ਆਦੇਸ਼ਾਂ ਵਿੱਚ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਚ ਤਾਇਨਾਤ ਅਮਲੇ ਨੂੰ ਤੁਰੰਤ ਘਟਾਇਆ ਜਾਵੇ ਦੱਸ ਦਈਏ ਕਿ 23 ਸਤੰਬਰ ਨੂੰ ਕਪੂਰਥਲਾ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਸੰਬੋਧਨ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਸੀ। ਮੁੱਖ ਮੰਤਰੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ, “ਮੈਂ ਮੁੱਖ ਮੰਤਰੀ ਵਜੋਂ ਸਹੁੰ ਚੱਕਣ ਮਗਰੋਂ ਡੀਜੀਪੀ ਪੰਜਾਬ ਨੂੰ ਕਿਹਾ ਸੀ ਕਿ ਮੇਰੀ ਸੁਰੱਖਿਆ ਲਈ ਤਾਇਨਾਤ ਅਮਲੇ ਨੂੰ ਘਟਾਇਆ ਜਾਵੇ। ਇਸ ਬਾਬਤ ਮੇਰੇ ਵੱਲੋਂ 22 ਸਤੰਬਰ ਨੂੰ ਡੀਜੀਪੀ ਨੂੰ ਹਦਾਇਤ ਵੀ ਕੀਤੀ ਸੀ ਪਰ ਅਜੇ ਤੱਕ ਕੋਈ ਅਮਲ ਨਹੀਂ ਹੋਇਆ।” ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਸੀ ਉਸ ਦੀ ਸੁਰੱਖਿਆ ਵਿਚ 1000 ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਇਹ ਵੀ ਕਿਹਾ ਸੀ ਉਹ ਆਮ ਬੰਦਾ ਹੈ, ਉਸ ਨੂੰ ਕਿਸ ਤੋਂ ਖਤਰਾ ਹੋ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਥੋੜੇ ਬਹੁਤ ਮੁਲਾਜ਼ਮਾਂ ਦੀ ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਲੋੜ ਹੋ ਸਕਦੀ ਹੈ ਪਰ 1000 ਬੰਦੇ ਦੀ ਸੁਰੱਖਿਆ ਲਈ ਤਾਇਨਾਤੀ ਹੈਰਾਨ ਕਰਦੀ ਹੈ।