
ਪੰਜਾਬ ਵਿੱਚ ਜਦੋਂ ਝੋਨੇ ਦਾ ਸੀਜਨ ਆਉਂਦਾ ਹੈ ਤਾਂ ਉਸ ਸਮੇਂ ਕਿਸਾਨ ਹਮੇਸ਼ਾ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਲੋਕ ਵੇਚਦੇ ਹਨ ਤੇ ਪੰਜਾਬ ਦੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲਦਾ ਰਹਿੰਦਾ ਹੈ । ਪਿਛਲੇ ਸੀਜਨ ਕਿਸਾਨਾਂ ਵੱਲੋਂ ਕਈ ਟਰੱਕ ਫੜ੍ਹੇ ਗਏ ਜਿਹੜੇ ਸਿੱਧੇ ਸ਼ੈਲਰਾਂ ਵਿੱਚ ਜਾ ਕੇ ਉਤਾਰੇ ਜਾਂਦੇ ਸੀ ਤੇ ਕਿਸਾਨਾਂ ਵੱਲੋਂ ਜਿਹੜੇ ਲੋਕ 2 ਨੰਬਰ ਵਿੱਚ ਬਾਹਰਲੇ ਸੂਬਿਆਂ ਤੋਂ ਝੋਨਾ ਲਿਆ ਕੇ ਵੇਚਦੇ ਸੀ ਉਨ੍ਹਾਂ ਤੇ ਸਰਕਾਰ ਖਿਲਾਫ ਧਰਨੇ ਵੀ ਲਾਏ ਗਏ ਸੀ । ਬਾਹਰੋਂ ਆਉਣ ਵਾਲਾ ਝੋਨਾ ਰੋਕਣ ਲਈ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਲ੍ਹਾ ਐਸਐਸਪੀ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਦੇ ਜਿਲ੍ਹਿਆਂ ਵਿੱਚ ਜਿਹੜੇ ਲੋਕ ਬਾਹਰਲੇ ਸੂਬਿਆਂ ਤੋਂ ਝੋਨਾ ਲੈ ਕੇ ਆਉਂਦੇ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜੇ ਪੰਜਾਬ ਵਿੱਚ ਝੋਨੇ ਦੇ ਟਰੱਕ ਬਾਹਰੋਂ ਭਰ ਕੇ ਆਏ ਤਾਂ ਜਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਵੇਗਾ । ਦੂਜੇ ਪਾਸੇ ਕੇਂਦਰ ਸਰਕਾਰ ਨੇ ਸਰਕਾਰੀ ਖਰੀਦ 1 ਅਕਤੂਬਰ ਦੀ ਬਜਾਏ 11 ਅਕਤੂਬਰ ਨੂੰ ਸ਼ੁਰੂ ਕਰਨ ਦੀ ਗੱਲ ਆਖੀ ਹੈ । ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ ।
ਪੰਜਾਬ ਤੇ ਹਰਿਆਣਾ ਵਿਚ ਅੱਜ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਦੀ ਘੇਰਾਬੰਦੀ ਕੀਤੀ ਗਈ ਹੈ । ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਵੀ ਦਿੱਤੇ ਜਾਣਗੇ। ਕਿਸਾਨਾਂ ਨੇ ਹੱਲਾ ਬੋਲ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੈ ।ਬਠਿੰਡਾ ਵਿਚ ਕਿਸਾਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਦਫਤਰ ਘੇਰਿਆ ਗਿਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ ਮੌਸਮ ਦਾ ਬਹਾਨਾ ਬਣਾ ਕੇ ਪੰਜਾਬ ਅਤੇ ਹਰਿਆਣਾ ’ਚ ਝੋਨੇ ਦੀ ਖ਼ਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਫ਼ੌਰੀ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਸੀ।ਪੰਜਾਬ ਚੋਣਾਂ ਦੇ ਮੱਦੇਨਜ਼ਰ ਸਿਆਸੀ ਧਿਰਾਂ ਨੇ ਕੇਂਦਰ ਦੇ ਇਸ ਫ਼ੈਸਲੇ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਬਿਨਾਂ ਕਿਸੇ ਦੇਰੀ ਤੋਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਖ਼ਰੀਦ ਪਹਿਲਾਂ ਸ਼ੁਰੂ ਕਰਾਉਣ ਦੀ ਅਪੀਲ ਕਰਨ ਵਾਸਤੇ ਦਿੱਲੀ ਪੁੱਜ ਗਏ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਵੀ ਕਿਸਾਨ ਅੰਦੋਲਨ ਸਭ ਤੋਂ ਵੱਧ ਤਿੱਖਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਪੱਤਰ ਜਾਰੀ ਕਰਕੇ ਪੰਜਾਬ ਵਿਚੋਂ 171 ਲੱਖ ਮੀਟਰਿਕ ਝੋਨਾ ਖ਼ਰੀਦ ਕਰਨ ਦਾ ਟੀਚਾ ਤੈਅ ਕੀਤਾ ਹੈ ਜਦੋਂ ਕਿ ਪੰਜਾਬ ਨੇ 191 ਲੱਖ ਮੀਟਰਿਕ ਝੋਨਾ ਮੰਡੀਆਂ ਵਿੱਚ ਪੁੱਜਣ ਦਾ ਅਨੁਮਾਨ ਲਾਇਆ ਹੈ। ਪੰਜਾਬ ਸਰਕਾਰ ਨੇ ਬਾਹਰੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਅੰਤਰਰਾਜੀ ਨਾਕੇ ਲਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਦੀ ਚਿੰਤਾ ਹੈ ਕਿ ਜੇ ਮੰਡੀਆਂ ਵਿੱਚ 171 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਝੋਨਾ ਪੁੱਜ ਗਿਆ ਤਾਂ ਉਸ ਲਈ ਫ਼ੰਡਾਂ ਦਾ ਪ੍ਰਬੰਧ ਕਿੱਥੋਂ ਹੋਵੇਗਾ।
PUNJAB




INDIA








WORLD










