ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਅਣਪਛਾਤਾ ਹਥਿਆਰਬੰਦ ਵਿਅਕਤੀ ਦੇ ਦਾਖਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਮੁਤਾਬਕ ਓਟਵਾ ਕੈਨੇਡਾ ਦੀ ਪਾਰਲੀਮੈਂਟ ਦੇ ਈ ਬਲਾਕ ਵਿੱਚ ਇੱਕ ਵਿਅਕਤੀ ਹਥਿਆਰ ਲੈ ਕੇ ਵੜ ਗਿਆ। ਜਿਸ ਦੌਰਾਨ ਉਥੇ ਮੌਜੂਦ ਸੰਸਾਦੀ ਅਮਲੇ ਨੇ ਨਾਲ ਲਗਦੇ ਕਮਰਿਆਂ ਵਿੱਚ ਵੜ ਕੇ ਆਪਣੀ ਜਾਨ ਬਚਾਈ। ਕੈਨੇਡੀਅਨ ਪੁਲੀਸ ਨੇ ਕਈ ਘੰਟਿਆਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਉਂਝ ਇਸ ਦੌਰਾਨ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ । ਪੁਲੀਸ ਨੇ ਕਿਹਾ ਕਿ ਇਸ ਪੂਰੀ ਘਟਨਾ ਬਾਰੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਸੱਦ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।.
ਜਾਣਕਾਰੀ ਅਨੁਸਾਰ ਹਥਿਆਰਬੰਦ ਵਿਅਕਤੀ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਸੰਸਦ ਦੇ ਈ ਬਲਾਕ ਵਿਚ ਦਾਖ਼ਲ ਹੋਇਆ। ਸੰਸਦੀ ਅਮਲੇ ਦੇ ਮੈਂਬਰ ਜਾਨ ਬਚਾਉਣ ਲਈ ਨਾਲ ਲੱਗਦੇ ਕਮਰਿਆਂ ਵਿੱਚ ਲੁਕ ਗਏ ਤੇ ਅੰਦਰੋਂ ਤਾਲੇ ਲਾ ਲਏ। ਉਧਰ ਪਾਰਲੀਮੈਂਟ ਪ੍ਰੋਟੈਕਟਿਵ ਸੇਵਾ ਦਲ ਨੂੰ ਹਫੜਾ ਦਫੜੀ ਪੈ ਗਈ ਤੇ ਇਸ ਦੌਰਾਨ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ।
ਅੰਦਰ ਫਸੇ ਲੋਕਾਂ ਨੂੰ ਹੋਰ ਦਰਵਾਜ਼ਿਆਂ ਰਾਹੀਂ ਬਾਹਰ ਕੱਢ ਕੇ ਇਮਾਰਤ ਖਾਲੀ ਕਰਵਾਈ ਗਈ। ਪੁਲੀਸ ਨੇ ਪਾਰਲੀਮੈਂਟ ਹਿੱਲ (ਸੰਸਦੀ ਭਵਨ) ਦੁਆਲੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਤੇ ਪਾਰਲੀਮੈਂਟ ਦੀ ਘੇਰਾਬੰਦੀ ਕਰ ਦਿੱਤੀ। ਪੁਲੀਸ ਨੇ ਹਥਿਆਰਬੰਦ ਮਸ਼ਕੂਕ ਨੂੰ ਬਾਹਰ ਆਉਣ ਲਈ ਕਈ ਚੇਤਾਵਨੀਆਂ ਵੀ ਦਿੱਤੀਆਂ। ਦੱਸ ਦੇਈਏ ਕਿ ਸੰਸਦ ਭਵਨ ਦੇ ਈ-ਬਲਾਕ ਵਿੱਚ ਸੈਨੇਟਰਾਂ ਤੇ ਉਨ੍ਹਾਂ ਦੇ ਸਹਾਇਕ ਅਮਲੇ ਦੇ ਦਫ਼ਤਰ ਹਨ। ਪੁਲੀਸ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਰਿਬੋਟ ਦੀ ਮਦਦ ਨਾਲ ਹਥਿਆਰਬੰਦ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਹੈ।