ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਜੰਡਿਆਲਾ ਗੁਰੂ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸਨ। ਉਸ ਤਹਿਤ ਅੱਜ ਸਵੇਰੇ ਤਿੰਨ ਸ਼ੱਕੀ ਵਿਅਕਤੀਆਂ ਦਾ ਪੁਲਿਸ ਨੇ ਐਨਕਾਉਂਟਰ ਕੀਤਾ ਹੈ। ਇਹ ਐਨਕਾਊਂਟਰ ਫਤਿਹਪੁਰ ਕੇਂਦਰੀ ਜੇਲ੍ਹ ਤੋਂ ਕੁਝ ਦੂਰੀ ‘ਤੇ ਝਬਾਲ ਰੋਡ ‘ਤੇ ਹੋਇਆ ਹੈ। ਪੁਲਿਸ ਨੂੰ ਦੇਖ ਕੇ ਆਰੋਪੀਆਂ ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਸੀ,ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਗੋਪੀ ਜ਼ਖਮੀ ਹੋ ਗਿਆ ,ਜਦੋਂ ਕਿ ਬਾਕੀ ਪੁਲਿਸ ਹਿਰਾਸਤ ਵਿੱਚ ਹਨ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਝਬਾਲ ਰੋਡ ਦੇ ਨੇੜੇ ਹਨ। ਜਿਸ ਤੋਂ ਬਾਅਦ ਛੇਹਰਟਾ ਪੁਲਿਸ ਸਟੇਸ਼ਨ ਦੀਆਂ ਟੀਮਾਂ ਛਾਪੇਮਾਰੀ ਕਰਨ ਲਈ ਪਹੁੰਚੀਆਂ ਪਰ ਮੁਲਜ਼ਮਾਂ ਨੇ ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਬੀ ਕਾਰਵਾਈ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਉਸਦੀ ਲੱਤ ਵਿੱਚ ਗੋਲੀ ਲੱਗੀ ਸੀ। ਜਿਸਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ,ਜਦਕਿ ਕਰਨ ਕੀੜਾ ਅਤੇ ਕਿਸ਼ੂ ਤੋਂ ਇਲਾਵਾ ਇਕ ਹੋਰ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ ਕਿਸ਼ਨਾ ਗਰੁੱਪ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨਾਂ ਦੀ ਪਛਾਣ ਬਚਿੱਤਰ ਸਿੰਘ ਅਤੇ ਆਨੰਦ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਕੋਲੋਂ 2 ਪਿਸਤੋਲ ਤੇ 7 ਕਾਰਤੂਸ ਵੀ ਬਰਾਮਦ ਹੋਏ ਹਨ। ਹਾਲਾਂਕਿ ਇਨ੍ਹਾਂ ਦੋਵਾਂ ਦਾ ਇਸ ਕਤਲ ਕਾਂਡ ਵਿੱਚ ਕਿਸੇ ਵੀ ਤਰੀਕੇ ਦਾ ਹੱਥ ਨਹੀਂ ਸੀ ਪਰ ਇਹ ਕ੍ਰਿਸ਼ਨਾਂ ਗਰੁੱਪ ਦੇ ਮੈਂਬਰ ਸੀ, ਜਿਸ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਹਥਿਆਰਾਂ ਦੀ ਵੀ ਬਰਾਮਦਗੀ ਹੋਈ।
ਉਧਰ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਐਤਵਾਰ ਨੂੰ ਦੱਸਿਆ ਸੀ ਕਿ ਦੋਵੇਂ ਗਰੁੱਪਾਂ ਕ੍ਰਿਸ਼ਨਾ ਗਰੁੱਪ ਤੇ ਹਰਜਿੰਦਰ ਗਰੁੱਪ ਦੇ ਵਿੱਚ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਪੁਲਿਸ ਨੇ ਕਤਲ ਮਾਮਲੇ ਵਿੱਚ 3 ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਦਕਿ ਵਾਰਦਾਤ ਵਿੱਚ ਵਰਤੇ ਗਏ ਵਾਹਨਾਂ ਦੀ ਵੀ ਪਛਾਣ ਹੋਈ ਹੈ।
PUNJAB




INDIA








WORLD










