ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਰਾਜੇਆਣਾ ਵਿੱਚ ਸਵੇਰੇ ਸਵੇਰੇ ਘਰ ਅਤੇ ਦੋ ਦੁਕਾਨਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਰਾਜੇਆਣਾ ਵਿਖੇ ਅੱਜ ਸਵੇਰੇ ਸਵੇਰੇ ਭਿਆਨਕ ਅੱਗ ਲੱਗ ਗਈ, ਜਿਥੇ ਰੈਡੀਮੇਡ ਅਤੇ ਮੁਨਿਆਰੀ ਦੀ ਦੁਕਾਨ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਈ। ਉਸ ਦੇ ਨਾਲ ਪਰਿਵਾਰ ਦੀ ਰਿਹਾਇਸ਼ ਸੀ, ਜਿਸ ਦੌਰਾਨ ਅੱਗ ਨੇ ਨਾਲ ਬਣੇ ਘਰ ਨੂੰ ਵੀ ਸਾੜ ਦਿੱਤਾ ਤੇ ਭਾਰੀ ਨੁਕਸਾਨ ਹੋ ਗਿਆ। ਘਰ ਅਤੇ ਦੁਕਾਨਾਂ ਦੀਆਂ ਛੱਤਾਂ ਬੁਰੀ ਤਰ੍ਹਾਂ ਅੱਗ ਨਾਲ ਸੜ ਗਈਆਂ। ਇਸ ਪਰਿਵਾਰ ਨੇ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਉਨ੍ਹਾਂ ਦੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ। ਘਰ ਦੇ ਬਜ਼ੁਰਗ ਰਾਜ ਕੁਮਾਰ ਨੇ ਦੱਸਿਆ ਜਦੋਂ ਸਵੇਰੇ ਅੱਗ ਲੱਗੀ ਤਾਂ ਆਂਡ ਗੁਆਂਢ ਨੇ ਅੱਗ ਬੁਝਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਥੋੜੇ ਸਮੇਂ ਵਿੱਚ ਫਾਇਰ ਬ੍ਰਿਗੇਡ ਵੀ ਪਹੁੰਚ ਗਈ, ਉਨ੍ਹਾਂ ਵੱਲੋਂ ਵੀ ਬਹੁਤ ਜਦੋ ਜਹਿਦ ਨਾਲ ਕਾਬੂ ਪਾਇਆ ਗਿਆ । ਮੌਕੇ ਤੇ ਪਿੰਡ ਵਾਸੀ ਮਦਨ ਸਿੰਘ ਮੱਦੀ ਅਤੇ ਪ੍ਰਮਿੰਦਰ ਸਿੰਘ ਭਿੰਦਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਰੋਜ਼ੀ ਰੋਟੀ ਲਈ ਦੁਬਾਰਾ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਉਸ ਮੌਕੇ ਲੱਗੀ ਅੱਗ ਬੁਝਾਉਣ ਲਈ ਫਾਈਰ ਬ੍ਰਿਗੇਡ ਦਾ ਮੌਕੇ ਤੇ ਪਹੁੰਚਣਾ ਨੂੰ ਲੈਕੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ