ਅਮਰੀਕਾ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖਬਰੀ, ਕਿਉਂਕਿ ਅਮਰੀਕਾ ਨੇ ਸਟੂਡੈਂਟ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਇੱਕ ਸ਼ਰਤ ਵੀ ਰੱਖ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਅਪਲਾਈ ਦੀ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰ ਰਿਹਾ ਹੈ, ਜੋ ਅਜੇ ਤੱਕ ਬੰਦ ਸੀ। ਹਾਲਾਂਕਿ ਵਿਦੇਸ਼ ਵਿਭਾਗ ਨੇ ਵੀਜ਼ਾ ਅਪਲਾਈ ਪ੍ਰਕਿਰਿਆ ਲਈ ਇਕ ਸ਼ਰਤ ਵੀ ਰੱਖੀ ਹੈ। ਵਿਭਾਗ ਦਾ ਕਹਿਣਾ ਹੈ ਕਿ ਵੀਜ਼ੇ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਮੀਖਿਆ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਨਤਕ ਕਰਨੇ ਹੋਣਗੇ।
ਅਧਿਕਾਰੀਆਂ ਮੁਤਾਬਕ, ਵੀਜ਼ਾ ਦੀ ਪ੍ਰਕਿਰਿਆ ਵਿੱਚ ਹੁਣ ਸੋਸ਼ਲ ਮੀਡੀਆ ਦੀ ਜਾਂਚ ਵੀ ਇਕ ਅਹਿਮ ਭੂਮਿਕਾ ਨਿਭਾਏਗੀ। ਵਿਦੇਸ਼ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਅਧਿਕਾਰੀ ਅਜਿਹੇ ਸੋਸ਼ਲ ਮੀਡੀਆ ਅਕਾਊਂਟਸ, ਪੋਸਟਾਂ ਅਤੇ ਮੈਸੇਜਾਂ ਦੀ ਜਾਂਚ ਕਰਨਗੇ ਜੋ ਅਮਰੀਕਾ ਸਰਕਾਰ, ਨਾਗਰਿਕਾਂ, ਸੱਭਿਆਚਾਰਕ ਸੰਸਥਾਵਾਂ ਜਾਂ ਦੇਸ਼ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਹੋ ਸਕਦੇ ਹਨ।
ਮੰਤਰਾਲੇ ਦੇ ਬਿਆਨ ਅਨੁਸਾਰ, “ਇਸ ਸੋਸ਼ਲ ਮੀਡੀਆ ਸਕ੍ਰੀਨਿੰਗ ਰਾਹੀਂ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਪੂਰੀ ਤਰ੍ਹਾਂ ਜਾਂਚ ਹੋਵੇ ਅਤੇ ਉਹ ਕਿਸੇ ਵੀ ਤਰੀਕੇ ਨਾਲ ਦੇਸ਼ ਦੀ ਸੁਰੱਖਿਆ ਜਾਂ ਮੂਲ ਨੀਤੀਆਂ ਲਈ ਖ਼ਤਰਾ ਨਾ ਬਣੇ।”
ਇਸ ਨਵੇਂ ਕਦਮ ਨਾਲ, ਅਮਰੀਕਾ ਵਿੱਚ ਪੜ੍ਹਾਈ ਦੇ ਸੁਪਨੇ ਦੇਖ ਰਹੇ ਵਿਦਿਆਰਥੀਆਂ ਲਈ ਇੱਕ ਵਾਰ ਫਿਰ ਰਾਹ ਖੁਲਦਾ ਨਜ਼ਰ ਆ ਰਿਹਾ ਹੈ, ਪਰ ਉਨ੍ਹਾਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਰਿਕਾਰਡ ਦੀ ਸਫਾਈ ਅਤੇ ਉਚਿਤ ਵਰਤੋਂ ਦੀ ਵੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਹ ਨਵਾਂ ਨਿਯਮ ਸੰਭਾਵਨਾ ਹੈ ਕਿ ਕਈ ਉਮੀਦਵਾਰਾਂ ਲਈ ਚੁਣੌਤੀ ਵੀ ਬਣ ਸਕਦਾ ਹੈ, ਖ਼ਾਸ ਕਰਕੇ ਜਿਨ੍ਹਾਂ ਦੇ ਅਕਾਊਂਟਸ ਉੱਤੇ ਵਿਵਾਦਤ ਜਾਂ ਸੁਰੱਖਿਆ ਸਬੰਧੀ ਸਮੱਗਰੀ ਸ਼ੇਅਰ ਕੀਤੀ ਗਈ ਹੋਵੇ।
PUNJAB




INDIA








WORLD










