ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਅੱਜ ਐਸ ਐਸ ਪੀ ਦਫਤਰ ਬਾਹਰ ਧਰਨਾ ਦਿੱਤਾ ਗਿਆ ਤੇ ਪ੍ਰਦਰਸ਼ਨ ਕੀਤਾ ਗਿਆ। ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ,ਉਹ ਆਪਣੇ ਪੁੱਤਰ ਦੀਆਂ ਦੋ ਕੰਪਨੀਆਂ ਨਾਲ ਸਬੰਧਤ ਕਥਿਤ ਵਿੱਤੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਪਰਚਾ ਦਰਜ਼ ਕੀਤਾ ਜਾਵੇ।
ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ‘ਆਪ੍ਰੇਸ਼ਨ ਪ੍ਰਹਾਰ 2.0’ ਦੇ ਸਬੰਧ ਵਿੱਚ ਦਫ਼ਤਰ ਦਾ ਦੌਰਾ ਕਰ ਰਹੇ ਸਨ। ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨ ਕੌਰ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੂੰ ਮਿਲਣ ਲਈ ਅੰਦਰ ਬੁਲਾਏ ਜਾਣ ਤੋਂ ਪਹਿਲਾਂ ਕਰੀਬ 45 ਮਿੰਟ ਤੱਕ ਫਰਸ਼ ਬੈਠੇ ਪ੍ਰਦਰਸ਼ਨ ਕਰਦੇ ਰਹੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ, “ਅਸੀਂ ਡੀ ਜੀ ਪੀ ਏ ਐੱਸ ਰਾਏ ਕੋਲ ਆਪਣੇ ਮੈਨੇਜਰ ਅਤੇ ਦੋ ਹੋਰਾਂ ਵਿਰੁੱਧ ਸਾਡੀਆਂ ਦੋ ਕੰਪਨੀਆਂ ਨਾਲ ਸਬੰਧਤ ਵਿੱਤੀ ਧੋਖਾਧੜੀ ਲਈ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਐੱਸ ਐੱਸ ਪੀ ਨੂੰ ਭੇਜੀ ਗਈ ਸੀ ਅਤੇ ਇੱਕ ਐੱਸ ਪੀ ਨੇ ਜਾਂਚ ਵੀ ਕੀਤੀ ਸੀ। ਫਾਈਲ ਹੁਣ ਐੱਸ.ਐੱਸ.ਪੀ. ਕੋਲ ਪਈ ਹੈ, ਪਰ ਕੇਸ ਦਰਜ ਨਹੀਂ ਕੀਤਾ ਗਿਆ। ਜੇ ਅਧਿਕਾਰੀ ਇੱਕ ਵਿਅਕਤੀ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਘੱਟੋ-ਘੱਟ ਬਾਕੀ ਦੋਵਾਂ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ ਹੈ। ਅਸੀਂ ਪੁਲੀਸ ਨੂੰ ਸਾਰੇ ਸਬੰਧਤ ਦਸਤਾਵੇਜ਼ ਦੇ ਦਿੱਤੇ ਹਨ। ਜੇ ਅਸੀਂ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਉਹ ਸਾਨੂੰ ਵੀ ਨਾਮਜ਼ਦ ਕਰ ਸਕਦੇ ਹਨ।”
ਉਨ੍ਹਾਂ ਅੱਗੇ ਦੋਸ਼ ਲਾਇਆ, “ਮਾਨਸਾ ਪੁਲੀਸ ਪੈਸਿਆਂ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ। ਸਾਡੇ ਕੋਲ ਪੁਲੀਸ ਨੂੰ ਦੇਣ ਲਈ ਪੈਸੇ ਨਹੀਂ ਹਨ। ਸਾਡਾ ਕਮਾਉਣ ਵਾਲਾ ਮੈਂਬਰ ਪਹਿਲਾਂ ਹੀ ਮਾਰਿਆ ਜਾ ਚੁੱਕਾ ਹੈ। ਅਸੀਂ ਬਜ਼ੁਰਗ ਹਾਂ ਅਤੇ ਦਵਾਈਆਂ ਖਾ ਕੇ ਪੁਲੀਸ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਅਸੀਂ ਹੁਣ ਡੀ ਆਈ ਜੀ ਨੂੰ ਆਪਣੇ ਦੁੱਖ ਤੋਂ ਜਾਣੂ ਕਰਵਾਉਣ ਆਏ ਹਾਂ। ਜਦੋਂ ਤੱਕ ਐੱਫ ਆਈ ਆਰ ਦਰਜ ਨਹੀਂ ਹੁੰਦੀ, ਅਸੀਂ ਇੱਥੋਂ ਨਹੀਂ ਜਾਵਾਂਗੇ।”
ਸੂਤਰਾਂ ਅਨੁਸਾਰ ਇਹ ਸ਼ਿਕਾਇਤ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਤੋਂ ਹੋਈ ਕੁੱਲ ਕਮਾਈ ਬਾਰੇ ਹੈ, ਜੋ ਕਿ ਲਗਭਗ 1.15 ਕਰੋੜ ਅਮਰੀਕੀ ਡਾਲਰ ਬਣਦੀ ਹੈ। ਸੂਤਰਾਂ ਨੇ ਦੱਸਿਆ, “ਮਈ 2022 ਤੋਂ ਹੁਣ ਤੱਕ ਮੂਸੇਵਾਲਾ ਦੇ ਮਾਪਿਆਂ ਨੂੰ ਕਿਸ਼ਤਾਂ ਵਿੱਚ ਲਗਭਗ 70 ਲੱਖ ਡਾਲਰ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਪਰ ਉਨ੍ਹਾਂ ਦੀ ਸ਼ਿਕਾਇਤ ਅਨੁਸਾਰ 37 ਲੱਖ ਡਾਲਰ ਤੋਂ ਵੱਧ ਅਜੇ ਵੀ ਬਾਕੀ ਹਨ।” ਚਰਨ ਕੌਰ ਨੇ ਕਿਹਾ, “ਜੇ ਕੋਈ ਸਾਨੂੰ ਮਾਰਦਾ ਹੈ, ਤਾਂ ਮਾਨਸਾ ਪੁਲੀਸ ਜ਼ਿੰਮੇਵਾਰ ਹੋਵੇਗੀ।” ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਉਹ ਫਿਰ ਫਰਸ਼ ‘ਤੇ ਬੈਠ ਗਏ ਪਰ ਡੀ ਆਈ ਜੀ ਅਤੇ ਐੱਸ ਐੱਸ ਪੀ ਨਾਲ ਹੋਈ ਮੀਟਿੰਗ ਬਾਰੇ ਚੁੱਪ ਰਹੇ।
PUNJAB




INDIA








WORLD









