ਮੁੱਖ ਮੰਤਰੀ ਭਗਵੰਤ ਮਾਨ ਭੱਜੇ ਸਵਾਲਾਂ ਤੋ, ਪਤਾ ਲਗਦਿਆਂ ਹੀ ਹੱਥ ਛੁਡਾਕੇ ਹੋਏ ਪਿੱਛੇ
ਅੰਮ੍ਰਿਤਸਰ -ਅੱਜ ਫੇਰੂਮਾਨ ਚੌਂਕ ਰਈਆ ( ਜ਼ਿਲ੍ਹਾ ਅੰਮ੍ਰਿਤਸਰ ) ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ “ਸ਼ੁਕਰਾਨਾਂ ਯਾਤਰਾ” ਉਸ ਵੇਲੇ ਲੋਕਾਂ ਦੇ ਗੁੱਸੇ ਅਤੇ ਸਵਾਲਾਂ ਦੇ ਘੇਰੇ ਵਿੱਚ ਆ ਗਈ, ਜਦੋਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਸਤਿਕਾਰਯੋਗ ਮਾਤਾ ਬੀਬੀ ਬਲਵਿੰਦਰ ਕੌਰ ਜੀ ਨੇ ਭਗਵੰਤ ਮਾਨ ਦਾ ਹੱਥ ਫੜਕੇ ਪੰਜਾਬ ਦੀਆਂ ਮਾਵਾਂ ਦੇ ਦਰਦ ਭਰੇ ਸਵਾਲ ਉਸਦੇ ਸਾਹਮਣੇਂ ਰੱਖ ਦਿੱਤੇ। ਮਾਤਾ ਬਲਵਿੰਦਰ ਕੌਰ ਜੀ ਨੇ ਭਾਵੁਕ ਪਰ ਡਟਵੇਂ ਲਹਿਜ਼ੇ ਵਿੱਚ ਪੁੱਛਿਆ ਕਿ, “ਭਗਵੰਤ ਮਾਨ, ਤੂੰ ਵੀ ਇਕ ਮਾਂ ਦਾ ਪੁੱਤ ਹੈਂ… ਫਿਰ ਦੱਸ, ਐਨ.ਐਸ.ਏ ਟੁੱਟ ਜਾਣ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ”। ਪੰਜਾਬ ਦੇ ਚੁਣੇ ਹੋਏ ਐਮ.ਪੀ ਨੂੰ ਆਪਣੇ ਹੀ ਸੂਬੇ ਤੋਂ ਦੂਰ ਕਿਉਂ ਰੱਖਿਆ ਗਿਆ ਹੈ। ਜਿਵੇਂ ਹੀ ਭਗਵੰਤ ਮਾਨ ਨੂੰ ਇਹ ਅਹਿਸਾਸ ਹੋਇਆ ਕਿ ਸਵਾਲ ਪੁੱਛਣ ਵਾਲੀ ਕੋਈ ਆਮ ਔਰਤ ਨਹੀਂ, ਸਗੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਮਾਤਾ ਹਨ, ਉਹ ਤੁਰੰਤ ਹੱਥ ਛੁਡਾ ਕੇ ਪਿੱਛੇ ਹੋ ਗਿਆ ਅਤੇ ਕੋਈ ਵੀ ਜਵਾਬ ਦੇਣ ਦੀ ਹਿੰਮਤ ਨਾ ਕਰ ਸਕਿਆ। ਇਹ ਦ੍ਰਿਸ਼ ਸਾਫ ਕਰਦਾ ਹੈ ਕਿ ਪੰਜਾਬ ਸਰਕਾਰ ਕੋਲ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਅਤੇ ਨਾ ਹੀ ਪੰਜਾਬ ਦੇ ਹੱਕਾਂ ਲਈ ਕੋਈ ਨੀਤੀ। ਇਸ ਮੌਕੇ ਮਾਤਾ ਬਲਵਿੰਦਰ ਕੌਰ ਜੀ ਅਤੇ ਮੌਜੂਦ ਲੋਕਾਂ ਵੱਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ “ਭਗਵੰਤ ਮਾਨ ਮੁਰਦਾਬਾਦ” ਦੇ ਨਾਅਰੇ ਗੂੰਜੇ। ਅੱਜ ਦਾ ਇਹ ਘਟਨਾ-ਚੱਕਰ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਪੰਜਾਬ ਦੀ ਸਰਕਾਰ ਦਿੱਲੀ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ ਅਤੇ ਪੰਜਾਬ ਦੇ ਨੌਜਵਾਨਾਂ, ਸਿੱਖ ਕੌਮ ਅਤੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਦੀਆਂ ਮਾਵਾਂ ਹੁਣ ਚੁੱਪ ਨਹੀਂ ਬੈਠਣਗੀਆਂ। ਹਰ ਘਰ ਵਿੱਚੋਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਅਤੇ ਪੰਜਾਬ ਦੇ ਹੱਕਾਂ ਲਈ ਆਵਾਜ਼ ਉੱਠ ਰਹੀ ਹੈ। ਲੋਕ ਪੁੱਛ ਰਹੇ ਹਨ ਕਿ ਜੇ ਐਨ.ਐਸ.ਏ ਹੀ ਨਹੀਂ ਰਿਹਾ, ਫਿਰ ਡਰ ਕਿਸ ਗੱਲ ਦਾ ? ਜੇ ਭਗਵੰਤ ਮਾਨ ਸੱਚਮੁੱਚ ਪੰਜਾਬ ਦਾ ਮੁੱਖ ਮੰਤਰੀ ਹੈ, ਤਾਂ ਪੰਜਾਬ ਦੇ ਚੁਣੇ ਹੋਏ ਸੰਸਦ ਮੈਂਬਰ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ ?
PUNJAB




INDIA








WORLD










