ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੋਰ ਆਗੂ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੋਸ਼ੀ ਦੋ ਵਾਰ ਇਸ ਸੀਟ ਤੋਂ ਜਿੱਤੇ ਸਨ। ਜੋਸ਼ੀ ਨਾਲ ਅੱਜ ਕਈ ਹੋਰ ਨੇਤਾ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਨਿਲ ਜੋਸ਼ੀ ਦਾ ਗਲਵੱਕੜੀ ਪਾਕੇ ਪਾਰਟੀ ਵਿੱਚ ਸੁਆਗਤ ਕੀਤਾ। ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਦੌਰਾਨ ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਪੰਜਾਬੀ ਦੇ ਗੱਲ ਕਰਨ ਵਾਲੀ ਇੱਕੋ ਇੱਕੋ-ਇੱਕ ਪਾਰਟੀ ਹੈ। ਇਸ ਪਾਰਟੀ ਨੂੰ ਦੂਜੀਆਂ ਪਾਰਟੀ ਵਾਂਗ ਪੰਜਾਬ ਲਈ ਫੈਸਲੇ ਲੈਣ ਲਈ ਦਿੱਲੀ ਤੋਂ ਹੁਕਮ ਲੈਣ ਦੀ ਲੋੋੜ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੈਨੂੰ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਦੇ ਹਿਮਾਇਤ ਕਾਰਨ ਬਾਹਰ ਕੱਢਿਆ ਹੈ। ਜੋਸ਼ੀ ਨੇ ਕਿਹਾ ਕਿ ਭਾਜਪਾ ਨੇਤਾਵਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਅਜਿਹੀਆਂ ਉਦਾਹਰਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਪਾਰਟੀਆਂ ਦਰਮਿਆਨ ਰਾਜਨੀਤਿਕ ਗੱਠਜੋੜ ਟੁੱਟ ਸਕਦਾ ਹੈ ਪਰ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਵਿੱਚ ਮੌਜੂਦ ਭਾਈਚਾਰਕ ਸਾਂਝ ਕਦੇ ਵੀ ਨਹੀਂ ਟੁੱਟ ਸਕਦੀ। ਇਸ ਮੌਕੇ ਭਾਜਪਾ ਆਗੂ ਕਮਲ ਜੇਤਲੀ, ਸਾਬਕਾ ਡਿਪਟੀ ਮੇਅਰ ਆਰ. ਡੀ. ਸ਼ਰਮਾ ਅਤੇ ਰਾਜ ਕੁਮਾਰ ਗੁਪਤਾ ਵਰਕਿੰਗ ਕਮੇਟੀ ਮੈਂਬਰ ਭਾਜਪਾ ਵੀ ਅੱਜ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਇਸਦੇ ਨਾਲ ਹੀ ਸਾਬਕਾ ਵਿਧਾਇਕ ਸੁਖਜੀਤ ਕੌਰ ਸ਼ਾਹੀ ਵੀ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਮਜੀਠੀਆ ਦਾ ਕਹਿਣਾ ਸੀ ਕਿ ਅਸੀਂ ਅੱਜ ਟਰੇਲਰ ਵਿਖਾਇਆ ਹੈ ਫ਼ਿਲਮ ਅਜੇ ਬਾਕੀ ਹੈ। ਦੱਸ ਦਈਏ ਕਿ ਜੋਸ਼ੀ ਨੂੰ ਖੇਤੀਬਾੜੀ ਕਾਨੂੰਨਾਂ ਦੇ ਹੱਕ ਵਿੱਚ ਆਪਣੇ ਸੀਨੀਅਰ ਆਗੂਆਂ ਦੇ ਵਿਰੋਧ ਕਰਨ ਕਾਰਨ ਪਾਰਟੀ ਵਿੱਚੋਂ 6 ਮਹੀਨਿਆਂ ਲਈ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਖੁੱਲ ਕੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਆ ਗਏ। ਜੋਸ਼ੀ ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2012 ਤੋਂ 2017 ਤੱਕ ਕੈਬਨਿਟ ਮੰਤਰੀ ਰਹੇ। ਉਹ ਅੰਮ੍ਰਿਤਸਰ ਸ਼ਹਿਰ ਦੇ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਸਨ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। 2015 ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਸੀ ਸਾਬਕਾ ਵਿਧਾਇਕ ਅਨਿਲ ਜੋਸ਼ੀ ਨੇ ਬਿਆਨ ਜਾਰੀ ਕੀਤਾ ਸੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਅਕਾਲੀ ਦਲ ਦੇ ਮੁਖੀ ਤੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਪਰ ਹੁਣ ਉਨ੍ਹਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਰਾਜਨੀਤੀ ਵਿੱਚ ਨਵਾਂ ਸੰਕੇਤ ਦਿੱਤਾ ਹੈ।
PUNJAB




INDIA








WORLD










