ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਫੇਰ ਕੋਰਟ ਤੋਂ ਝਟਕਾ ਲੱਗਾ ਹੈ। ਨਸ਼ਾ ਤਸਕਰੀ ਕੇਸ ਵਿੱਚ ਫਸੇ ਬਿਕਰਮਜੀਤ ਸਿੰਘ ਮਜੀਠੀਆ ਨੇ ਨਵੇਂ ਬੈਂਚ ਕੋਲ ਪਟੀਸ਼ਨ ਪਾਈ ਸੀ ਜਿਸ ਨੂੰ ਜਸਟਿਸ ਅਨੂਪ ਚਿਤਕਾਰਾ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਜੀਠੀਆ ਕਾਫੀ ਮਹੀਨਿਆਂ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਮਜੀਠੀਆ ਨੇ ਪਹਿਲਾਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ ਤੇ ਉਥੋਂ ਵੀ ਰਾਹਤ ਨਹੀਂ ਮਿਲੀ ਸੀ।
ਦੱਸ ਦਈਏ ਕਿ ਇਸ ਮਾਮਲੇ ਦੀ ਸੁਣਵਾਈ ਲਈ ਜਸਟਿਸ ਐਮਐਸ ਰਾਮਚੰਦਰ ਰਾਓ ਤੇ ਜਸਟਿਸ ਅਨੂਪ ਚਿਤਕਾਰਾ ਦੀ ਅਗਵਾਈ ਹੇਠ ਨਵੇਂ ਬੈਂਚ ਦਾ ਗਠਨ ਕੀਤਾ ਗਿਆ ਸੀ। ਹੁਣ ਅਨੂਪ ਚਿਤਕਾਰਾ ਨੇ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਦਰਅਸਲ ਅਨੂਪ ਚਿਤਕਾਰਾ ਨਸ਼ਾ ਤਸਕਰੀ ਕੇਸ ਵਿੱਚ ਜਗਜੀਤ ਚਾਹਲ ਦੇ ਵਕੀਲ ਰਹੇ ਸਨ। ਇਸ ਲਈ ਉਨ੍ਹਾਂ ਨੇ ਕੇਸ ਦੀ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ।
ਪੰਜਾਬ ਵਿੱਚ ਸਰਕਾਰ ਬਦਲਣ ਮਗਰੋਂ ਮਜੀਠੀਆ ਫਰਵਰੀ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਪਿਛਲੀ ਕਾਂਗਰਸ ਸਰਕਾਰ ਨੇ ਉਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਰਾਹਤ ਨਹੀਂ ਮਿਲੀ। ਮਜੀਠੀਆ ਦਾ ਕਹਿਣਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਚੋਣਾਂ ਕਰਕੇ ਉਸ ਨੂੰ ਸਿਆਸੀ ਰੰਜਿਸ਼ ਵਿੱਚ ਫਸਾਇਆ ਹੈ।
ਦੋ ਮਹੀਨੇ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਡਰੱਗਜ਼ ਕੇਸ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਇਹ ਮਾਮਲਾ ਹਾਈ ਕੋਰਟ ਦੇ ਡਿਵੀਜ਼ਨਲ ਬੈਂਚ ਅੱਗੇ ਰੱਖਣ ਲਈ ਕਿਹਾ ਹੈ ਜਿਸ ‘ਚ 2 ਜੱਜ ਸੁਣਵਾਈ ਕਰਨਗੇ।
ਡਰੱਗਜ਼ ਮਾਮਲੇ ‘ਚ ਮਜੀਠੀਆ ‘ਤੇ ਗੰਭੀਰ ਦੋਸ਼ ਲੱਗੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਸ਼ਾ ਤਸਕਰ ਸਤਪ੍ਰੀਤ ਸੱਤਾ ਮਜੀਠੀਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਦੀ ਸਰਕਾਰੀ ਕੋਠੀ ਵਿੱਚ ਵੀ ਰਹਿੰਦਾ ਰਿਹਾ ਸੀ। ਇੱਥੋਂ ਤੱਕ ਕਿ ਮਜੀਠੀਆ ਨੇ ਉਸ ਨੂੰ ਕਾਰ ਤੇ ਗੰਨਮੈਨ ਵੀ ਦਿੱਤੇ ਸਨ। ਇਸ ਵੀ ਇਲਜ਼ਾਮ ਹੈ ਕਿ ਮਜੀਠੀਆ ਚੋਣਾਂ ਲਈ ਨਸ਼ਾ ਤਸਕਰਾਂ ਤੋਂ ਫੰਡ ਲੈਂਦਾ ਰਿਹਾ ਹੈ। ਉਸ ‘ਤੇ ਨਸ਼ਾ ਤਸਕਰਾਂ ਵਿਚਾਲੇ ਸਮਝੌਤਾ ਕਰਾਉਣ ਦਾ ਵੀ ਦੋਸ਼ ਹੈ।
PUNJAB




INDIA








WORLD










