ਚੰਡੀਗੜ੍ਹ: ਪੰਜਾਬ (Punjab) ਵਿੱਚ ਕਾਂਗਰਸ ਇੱਕ ਤੋਂ ਬਾਅਦ ਇੱਕ ਵਿਵਾਦਾਂ ਵਿੱਚ ਫਸਦੀ ਜਾ ਰਹੀ ਹੈ। ਹੁਣ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਦੀ AICC ਜਨਰਲ ਸਕੱਤਰ ਕੇਸੀ ਵੇਣੂਗੋਪਾਲ (KC Venugopal) ਨੂੰ ਲਿਖੀ ਚਿੱਠੀ ਪਾਰਟੀ ਲਈ ਨਵੀਂ ਸਿਰਦਰਦੀ ਬਣ ਰਹੀ ਹੈ। ਪ੍ਰਧਾਨ ਅਹੁਦੇ ‘ਤੇ ਰਹਿੰਦਿਆਂ ਜਾਖੜ ਵੱਲੋਂ ਲਿਖੀ ਚਿੱਠੀ ਵਿੱਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ (Rana Gurmit Singh Sodhi) ਨੂੰ ਪਾਰਟੀ ਵਿੱਚੋਂ ਹਟਾਉਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਸੋਢੀ ‘ਤੇ ਕਾਂਗਰਸ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾਇਆ ਹੈ। ਜਾਖੜ ਵੱਲੋਂ ਇਹ ਚਿੱਠੀ ਜ਼ਮੀਨ ਮੁਆਵਜ਼ੇ ਵਿੱਚ ਗੜਬੜੀ ਨੂੰ ਲੈ ਕੇ ਲਿਖੀ ਗਈ ਸੀ।
ਚਿੱਠੀ ਵਿੱਚ ਕੀ ਹੈ?
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਸੋਢੀ ਖ਼ਿਲਾਫ਼ 1.83 ਕਰੋੜ ਰੁਪਏ ਦੀ ਵਸੂਲੀ ਲਈ ਕੇਸ ਦਰਜ ਕਰੇਗੀ। ਇਸਤੋਂ ਇਲਾਵਾ ਵਿਭਾਗ ਨੇ ਸੋਢੀ ਅਤੇ ਉਸਦੇ ਪਰਿਵਾਰ ਖਿਲਾਫ “ਸੂਬੇ ਨਾਲ ਧੋਖਾ” ਤਹਿਤ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨੇ ਰਿਕਵਰੀ ਦੀ ਰਕਮ ਨੂੰ ਸਿਰਫ ‘ਛੋਟਾ ਅਤੇ ਸ਼ੁਰੂਆਤੀ ਹਿੱਸਾ’ ਦੱਸਿਆ ਹੈ।ਜਾਖੜ ਨੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਸੋਢੀ ਨੇ “ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮਰਥਨ ਨਾਲ ਤੱਥਾਂ ਨੂੰ ਛੁਪਾ ਕੇ ਅਤੇ ਗਲਤ ਬਿਆਨਬਾਜ਼ੀ ਕਰਦਿਆਂ” ਇਹ “ਦੋਹਰਾ ਮੁਆਵਜ਼ਾ” ਹਾਸਲ ਕੀਤਾ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਸੋਢੀ ਨੂੰ ਨੋਟਿਸ ਦਿੱਤਾ ਹੈ।
ਕੀ ਹੈ ਦੋਹਰਾ ਮੁਆਵਜ਼ਾ ਕੇਸ?
ਸੋਢੀ ਦੀ 11 ਏਕੜ ਜ਼ਮੀਨ ਸਭ ਤੋਂ ਪਹਿਲਾਂ ਸੰਨ 1962 ਵਿੱਚ ਲੋਕ ਨਿਰਮਾਣ ਵਿਭਾਗ ਨੇ ਐਕਵਾਇਰ ਕੀਤੀ ਸੀ। ਇਸ ਤੋਂ ਬਾਅਦ 2013 ਵਿੱਚ ਉਸਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ। 1962 ਅਤੇ 2014 ਵਿੱਚ, ਸਰਕਾਰ ਦੁਆਰਾ ਉਸ ਨੂੰ ਮੁਆਵਜ਼ਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੀਜੀ ਵਾਰ ਨਵੀਂ ਜ਼ਮੀਨ ਪ੍ਰਾਪਤੀ ਐਕਟ ਤਹਿਤ 77 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ। ਇਹ ਮਾਮਲਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਆਇਆ। ਉਸ ਨੇ ਖ਼ੁਦ ਇਸ ਦੇ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਸਨ।
ਜਾਖੜ ਨੂੰ ਇਸ ਗੱਲ ਦਾ ਡਰ
ਸਾਬਕਾ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਜੇ ਅਦਾਲਤ ਸੋਢੀ ਦੇ ਹੱਕ ਵਿੱਚ ਫੈਸਲਾ ਦਿੰਦੀ ਹੈ ਤਾਂ ਇਹ ਕਾਂਗਰਸ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦੇ ਅਕਸ ਨੂੰ ਬਹੁਤ ਨੁਕਸਾਨ ਪਹੁੰਚਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਪਾਤੜਾਂ ਖੇਤਰ ਦੇ ਕਿਸਾਨ ਮੁਆਵਜ਼ੇ ਦੀ ਰਕਮ ਪ੍ਰਤੀ ਏਕੜ 40 ਲੱਖ ਤੋਂ ਵਧਾ ਕੇ 70 ਲੱਖ ਰੁਪਏ ਕਰਨ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਜ਼ਮੀਨ ਦਿੱਲੀ-ਕਟਰਾ ਹਾਈਵੇ ਲਈ ਐਕਵਾਇਰ ਕੀਤੀ ਜਾ ਰਹੀ ਹੈ। ਜਾਖੜ ਨੂੰ ਲੱਗਦਾ ਹੈ ਕਿ ਸੰਗਰੂਰ ਪੱਟੀ ਮੋਹਨ ਦੇ ਉੱਤਰੀ ਪਿੰਡ ਸੋਢੀ ਦੀ ਜ਼ਮੀਨ ਨਾਲੋਂ ਇੱਕ ਮਹਿੰਗਾ ਖੇਤਰ ਹੈ।
ਚਿੱਠੀ ਵਿੱਚ ਸਵਾਲ ਕੀਤਾ ਗਿਆ ਕਿ ਲਿੰਕ ਰੋਡ ਨੇੜੇ ਇਸ ਜ਼ਮੀਨ ਦਾ ਮੌਜੂਦਾ ਕੁਲੈਕਟਰ ਰੇਟ ਪ੍ਰਤੀ ਏਕੜ 6 ਲੱਖ 72 ਹਜ਼ਾਰ 300 ਰੁਪਏ ਹੈ। ਜੇ ਸੋਢੀ ਪ੍ਰਤੀ ਏਕੜ 7 ਕਰੋੜ ਰੁਪਏ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦਾ ਹੈ, ਤਾਂ ਪੰਜਾਬ ਵਿੱਚ ਕਿਹੜਾ ਕਿਸਾਨ ਆਪਣੀ ਜ਼ਮੀਨ ਇਸ ਤੋਂ ਘੱਟ ਅਧਿਗ੍ਰਹਿਣ ਕਰਨ ਦੇਵੇਗਾ?
ਅਕਾਲੀ ਦਲ ਦਾ ਨਾਂ ਕਿਉਂ ਸ਼ਾਮਲ ਕੀਤਾ ਗਿਆ?
ਜਾਖੜ ਨੇ ਜ਼ੋਰ ਦੇ ਕੇ ਕਿਹਾ ਕਿ ਮਾਮਲਾ ਜਨਤਕ ਹੋਣ ਤੋਂ ਬਾਅਦ ਵੀ ਅਕਾਲੀ ਦਲ ਨੇ ਇਸ ਦਾ ਵਿਰੋਧ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਹਰੇ ਮੁਆਵਜ਼ੇ ਦਾ ਮੁੱਦਾ 2007 ਅਤੇ 2017 ਵਿਚ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਦੌਰਾਨ ਅਕਾਲੀਆਂ ਦੀ ਸਰਕਾਰ ਸੀ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਹੈ ਕਿ ਸੁਖਬੀਰ ਬਾਦਲ ਦੇ ਕਹਿਣ ‘ਤੇ ਲੋਕ ਨਿਰਮਾਣ ਵਿਭਾਗ ਨੇ ਇਸ ਤੱਥ ਨੂੰ ਨਜ਼ਰਅੰਦਾਜ਼ ਕੀਤਾ ਸੀ ਕਿ ਜ਼ਮੀਨ 1962 ਵਿੱਚ ਐਕਵਾਇਰ ਕੀਤੀ ਗਈ ਸੀ ਅਤੇ 31 ਜਨਵਰੀ, 1962 ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ, ਉਨ੍ਹਾਂ ਇਹ ਵੀ ਸਵਾਲ ਕੀਤਾ ਹੈ ਕਿ ਨਿਯਮ ਤੋੜ ਕੇ ਅਕਾਲੀ ਦਲ ਅਤੇ ਭਾਜਪਾ ਨੇ ਸੋਢੀ ਦੀ ਮਦਦ ਕਿਉਂ ਕੀਤੀ? ਉਸਨੇ ਸੋਢੀ ਨੂੰ 2015 ਵਿੱਚ ਦਿੱਤੇ ਜਾ ਰਹੇ ਡਿਸਟਿਲਰੀ ਲਾਇਸੈਂਸ ਦਾ ਮੁੱਦਾ ਵੀ ਚੁੱਕਿਆ ਹੈ।
ਕਾਂਗਰਸ ਦੇ ਤਾਜ਼ਾ ਵਿਵਾਦ ਵਿੱਚ ਵੀ ਸਰਗਰਮ ਰਹੇ ਹਨ ਸੋਢੀ
ਕਾਂਗਰਸ ਦੇ ਚੱਲ ਰਹੇ ਅੰਦਰੂਨੀ ਵਿਵਾਦ ਵਿੱਚ ਸੋਢੀ ਨੇ ਕੈਪਟਨ ਦੇ ਸੰਕਟਮੋਚਕ ਦੀ ਭੂਮਿਕਾ ਨਿਭਾਈ ਸੀ। ਫ਼ਿਲਹਾਲ, ਸੋਢੀ ਵੱਲੋਂ ਇਸ ਚਿੱਠੀ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਸੋਢੀ ਦੇ ਨਜ਼ਦੀਕੀਆਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਇਹ ਚਿੱਠੀ ‘ਕੈਪਟਨ ਅਮਰਿੰਦਰ ਸਿੰਘ ਨੂੰ ਕਮਜ਼ੋਰ’ ਕਰਨ ਲਈ ‘ਸੀਐਮ ਵਿਰੋਧੀ ਲਾੱਬੀ’ ਦੀ ਇੱਕ ਕੋਸ਼ਿਸ਼ ਹੈ, ਕਿਉਂਕਿ ਉਨ੍ਹਾਂ ਨੇ ਤਣਾਅ ਵਿੱਚ ਮੁੱਖ ਮੰਤਰੀ ਦਾ ਸਾਥ ਦਿੱਤਾ ਸੀ।
PUNJAB




INDIA








WORLD










