Assam Mizoram Border Dispute: ਮਿਜ਼ੋਰਮ ਪੁਲਿਸ (Mizoram Police) ਨੇ ਕੋਲਾਸਿਬ ਜ਼ਿਲ੍ਹੇ ਦੇ ਵੈਰੇਂਗਤੇ ਸ਼ਹਿਰ ਦੇ ਬਾਹਰੀ ਹਿੱਸੇ ਹੋਈ ਹਿੰਸਾ ਦੇ ਸਬੰਧ ਵਿਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (Himanta Biswa Sarma), ਰਾਜ ਦੇ ਚਾਰ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਦੋ ਹੋਰ ਅਧਿਕਾਰੀਆਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਹਨ।
ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਜ਼ੋਰਮ ਦੇ ਪੁਲਿਸ ਇੰਸਪੈਕਟਰ ਜਨਰਲ (ਹੈਡਕੁਆਰਟਰ) ਜੌਨ ਐਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੀਮੰਤ ਨਗਰ ਦੇ ਕੋਲ ਮਿਜ਼ੋਰਮ ਅਤੇ ਅਸਾਮ ਪੁਲਿਸ ਫੋਰਸਾਂ ਦੇ ਵਿੱਚ ਹਿੰਸਕ ਝੜਪ ਦੇ ਬਾਅਦ ਸੋਮਵਾਰ ਦੇਰ ਰਾਤ ਰਾਜ ਪੁਲਿਸ ਨੇ ਵੈਰੇਂਗਤੇ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸਾਮ ਪੁਲਿਸ ਦੇ 200 ਅਣਪਛਾਤੇ ਕਰਮਚਾਰੀਆਂ ਦੇ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ।ਇਸ ਦੌਰਾਨ, ਅਸਾਮ ਪੁਲਿਸ ਨੇ ਮਿਜ਼ੋਰਮ ਸਰਕਾਰ ਦੇ ਛੇ ਅਧਿਕਾਰੀਆਂ ਨੂੰ ਸੋਮਵਾਰ ਨੂੰ ਪੁਲਿਸ ਸਟੇਸ਼ਨ ਵਿਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਅਸਾਮ ਤੇ ਮਿਜ਼ੋਰਮ ਦੀ ਹੱਦ ’ਤੇ ਸਥਿਤੀ ਹਾਲੇ ਵੀ ਤਣਾਅ ਵਾਲੀ ਬਣੀ ਹੋਈ ਹੈ। ਹਾਲਾਂਕਿ ਮੁੜ ਹਿੰਸਾ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸੀਆਰਪੀਐਫ ਨੇ ਦੋਵਾਂ ਸੂਬਿਆਂ ਵਿਚਾਲੇ ਲੰਘਦੇ ਕੌਮੀ ਮਾਰਗ 306 ਉਤੇ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਸਾਮ ਦੀ ਬਰਾਕ ਵਾਦੀ ਦੇ ਅਧਿਕਾਰੀਆਂ ਮੁਤਾਬਕ ਮਿਜ਼ੋਰਮ ਜਾਂਦੇ ਮਾਰਗਾਂ ’ਤੇ ਸੰਗਠਿਤ ਜਾਮ ਹਟਾ ਦਿੱਤਾ ਗਿਆ ਸੀ।
ਹੁਣ ਕੋਈ ਵੀ ਗਰੁੱਪ ਅਜਿਹਾ ਸੜਕਾਂ ਉਤੇ ਨਹੀਂ ਹੈ ਜੋ ਟਰੱਕਾਂ ਤੇ ਹੋਰ ਵਾਹਨਾਂ ਨੂੰ ਰੋਕ ਰਿਹਾ ਹੋਵੇ। ਜ਼ਿਕਰਯੋਗ ਹੈ ਕਿ ਸੋਮਵਾਰ ਅਸਾਮ ਤੇ ਮਿਜ਼ੋਰਮ ਪੁਲਿਸ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਬਰਾਕ ਵਾਦੀ ਵਿਚ ਕਈ ਸੰਗਠਨਾਂ ਨੇ ਮਿਜ਼ੋਰਮ ਜਾਂਦੇ ਰਾਹ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਦਾ ਗੁਆਂਢੀ ਸੂਬੇ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ।
ਇਸ ਦੇ ਬਾਵਜੂਦ ਜੰਗ ਦਾ ਮੈਦਾਨ ਬਣੇ ਇਲਾਕੇ ਵਿਚੋਂ ਕੋਈ ਟਰੱਕ ਡਰਾਈਵਰ ਗੁਜ਼ਰਨ ਲਈ ਤਿਆਰ ਨਹੀਂ ਹੈ। ਜ਼ਿਆਦਾਤਰ ਟਰੱਕ ਡਰਾਈਵਰਾਂ ਨੇ ਵਾਹਨ ਮਿਜ਼ੋਰਮ ਦੀ ਹੱਦ ਦੇ ਨਾਲ ਢੋਲਈ ਪਿੰਡ ਵਿਚ ਖੜ੍ਹੇ ਕਰ ਦਿੱਤੇ ਹਨ। ਅਸਾਮ ਸਰਕਾਰ ਨੇ ਵੀਰਵਾਰ ਸੂਬੇ ਦੇ ਲੋਕਾਂ ਨੂੰ ਮਿਜ਼ੋਰਮ ਨਾ ਜਾਣ ਦੀ ਸਲਾਹ ਦਿੱਤੀ ਹੈ। ਮਿਜ਼ੋਰਮ ਵਿਚ ਰਹਿ ਰਹੇ ਤੇ ਕੰਮ ਕਰ ਰਹੇ ਅਸਾਮ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਸਾਵਧਾਨੀ ਵਰਤਣ ਲਈ ਕਿਹਾ ਹੈ।
PUNJAB




INDIA








WORLD










